Friday, July 6, 2012

ਜੈ ਰਾਮ ਰਮੇਸ਼ ਨੇ ਅਜੀਤਗੜ੍ਹ ਵਿਖੇ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਦਾ ਨੀਂਹ ਪੱਥਰ ਰੱਖਿਆ

ਪਾਣੀ ਜਾਂਚ ਪ੍ਰਯੋਗਸ਼ਾਲਾ ਦਾ ਉੱਤਰੀ ਰਾਜਾਂ ਨੂੰ ਹੋਵੇਗਾ ਵੱਡਾ ਫਾਇਦਾ-ਜੈ ਰਾਮ ਰਮੇਸ਼
ਅਜੀਤਗੜ੍ਹ, 6 ਜੁਲਾਈ - ਅਜੀਤਗੜ੍ਹ ਵਿਖੇ ਬਣਨ ਵਾਲੀ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਦਾ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਹਰਿਆਣਾ, ਚੰਡੀਗੜ੍ਹ ਅਤੇ ਹੋਰ ਉੱਤਰੀ ਰਾਜਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਲੈਬਾਰਟਰੀ ਵਿੱਚ ਪਾਣੀ ਵਿਚਲੇ ਯੂਰੇਨੀਅਮ ਅਤੇ ਹੋਰ ਭਾਰੂ ਤੱਤਾਂ ਦੀ ਅਤਿ-ਅਧੁਨਿਕ ਵਿਗਿਆਨਕ ਤਰੀਕੇ ਨਾਲ ਪਰਖ ਕੀਤੀ ਜਾਇਆ ਕਰੇਗੀ, ਜਿਸ ਉਪਰੰਤ ਰਾਜ ਸਰਕਾਰਾਂ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰਾਲੇ ਦੇ ਮੰਤਰੀ ਸ੍ਰੀ ਜੈ ਰਾਮ ਰਮੇਸ਼ ਨੇ ਅਜੀਤਗੜ੍ਹ ਦੇ ਫੇਜ਼ -2 ਵਿਖੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ 4 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਐਡਵਾਂਸ ਵਾਟਰ ਟੈਸਟਿੰਗ ਲੈਬਰਾਟਰੀ ਦਾ ਨੀਂਹ ਪੱਥਰ ਰੱਖਣ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਫੇਜ਼ -2 ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਵਿਖੇ ਪਾਣੀ ਪਰਖ ਪ੍ਰਯੋਗਸ਼ਾਲਾ ਅਤੇ ਸ਼ਿਕਾਇਤ ਨਿਵਾਰਨ ਕੇਂਦਰ ਦਾ ਦੌਰਾ ਵੀ ਕੀਤਾ। ਕੇਂਦਰੀ ਮੰਤਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਲਈ ਕੇਂਦਰ ਸਰਕਾਰ ਵੱਲੋਂ 3 ਕਰੋੜ 80 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ ਅਤੇ ਇਹ ਲੈਬਾਰਟਰੀ 7 ਮਹੀਨਿਆਂ ਦੇ ਅੰਦਰ-ਅੰਦਰ ਬਣਕੇ ਤਿਆਰ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਲੈਬਾਰਟਰੀ ਦੀ ਇਮਾਰਤ ਲਈ ਵੀ 50 ਲੱਖ ਰੁਪਏ ਦੀ ਗ੍ਰਾਂਟ ਦੀ ਮੰਗ ਕੀਤੀ ਗਈ ਹੈ, ਜਿਸ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਫ਼ੰਡ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪ੍ਰਦੂਸ਼ਿਤ ਪਾਣੀ ਕਾਰਨ ਮਨੁੱਖੀ ਸਰੀਰ ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਉਪਰੰਤ ਉਨ੍ਹਾਂ ਵਾਤਾਵਰਨ ਦੀ ਸਵੱਛਤਾ ਲਈ ਛਾਂਦਾਰ ਪੌਦਾ ਵੀ ਲਗਾਇਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਸਕੱਤਰ ਸੰਜੇ ਕੁਮਾਰ ਨੇ ਕੇਂਦਰੀ ਮੰਤਰੀ ਨੂੰ ਅਜੀਤਗੜ੍ਹ ਵਿਖੇ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਦਾ ਨੀਂਹ ਪੱਥਰ ਰੱਖਣ ਲਈ ਪੁੱਜਣ ਤੇ ਜੀ ਆਇਆ ਆਖਿਆ। ਉਨ੍ਹਾਂ ਕਿਹਾ ਕਿ ਇਹ ਲੈਬਾਰਟਰੀ ਪੰਜਾਬ ਲਈ ਵਰਦਾਨ ਸਾਬਿਤ ਹੋਵੇਗੀ। ਇਸ ਮੌਕੇ ਸ੍ਰੀਮਤੀ ਵਿਲਾਸਨੀ ਰਾਮਾ ਚੰਦਰਨ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਭਾਰਤ ਸਰਕਾਰ, ਸੰਯੁਕਤ ਸਕੱਤਰ ਵਿਜੈ ਭਾਸਕਰ ਜਲ ਸਪਲਾਈ ਤੇ ਸਨੀਟੇਸ਼ਨ ਭਾਰਤ ਸਰਕਾਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਇੰਜੀਨੀਅਰ ਆਰ. ਐਲ ਕੌਲਧਾਰ, ਮੁੱਖ ਇੰਜੀਨੀਅਰ ਏ. ਕੇ. ਸੋਨੀ, ਡਿਪਟੀ ਕਮਿਸ਼ਨਰ ਵਰੁਣ ਰੂਜ਼ਮ, ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਐਸ.ਪੀ. (ਹੈਡ ਕੁਆਰਟਰ) ਮਨਧੀਰ ਸਿੰਘ, ਐਸ. ਡੀ. ਐਮ. ਲਖਮੀਰ ਸਿੰਘ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਆਰ. ਪੀ ਗੁਪਤਾ, ਵਿਨਾਕਸ਼ੀ ਸ਼ਰਮਾ, ਅਨਿਲ ਕੁਮਾਰ ਸਮੇਤ ਐਸ. ਡੀ. ਓ. ਬਲਿਹਾਰ ਸਿੰਘ, ਵਰਿੰਦਰ ਕੌਛੜ ਸਮੇਤ ਜਲ ਤੇ ਸੈਨੀਟੇਸ਼ਨ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

No comments:

Post a Comment