ਜਲੰਧਰ, 6 ਜੁਲਾਈ - ਕਈ ਮਹੀਨਿਆਂ ਬਾਅਦ ਹੁਣ ਪੰਜਾਬ 'ਚ ਆਧਾਰ (ਵਿਲੱਖਣ ਪਹਿਚਾਣ ਪੱਤਰ) ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੀ ਇਸ ਯੋਜਨਾ 'ਚ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੋਡਲ ਏਜੰਸੀ ਵਜੋਂ ਕੰਮ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਪਿਛਲੇ ਸਾਲ ਦੀ ਦਸੰਬਰ ਮਹੀਨੇ ਤੋਂ ਕੰਮ ਬੰਦ ਹੋ ਗਿਆ ਸੀ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਇਹ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਹੈ। ਵਿਭਾਗੀ ਸੂਤਰਾਂ ਮੁਤਾਬਿਕ ਇਸ ਲਈ ਕੰਮ ਕੰਪਨੀਆਂ ਨੂੰ ਨਵੇਂ ਸਿਰੇ ਤੋਂ ਅਲਾਟ ਕਰ ਦਿੱਤੇ ਗਏ ਹਨ। ਵਿਭਾਗ ਨੇ ਇਸ ਵਾਰ ਯੋਜਨਾ 'ਚ ਕੁੱਝ ਬਦਲਾਅ ਕਰ ਦਿੱਤੇ ਹਨ। ਇਸ ਵਾਰ ਵਿਭਾਗ ਦੇ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ ਤੇ ਆਧਾਰ ਕਾਰਡ ਤਿਆਰ ਕਰਨ ਦੇ ਮਾਮਲੇ 'ਚ ਵਿਭਾਗ ਦੇ ਇੰਸਪੈਕਟਰਾਂ ਨੂੰ ਰਜਿਸਟਰਾਰ ਬਣਾ ਦਿੱਤਾ ਗਿਆ ਹੈ ਤੇ ਇੰਸਪੈਕਟਰ ਹੀ ਹੁਣ ਫਾਰਮਾਂ ਨੂੰ ਤਸਦੀਕ ਕਰਵਾਉਣਗੇ। ਵਿਭਾਗ ਨੇ ਇੰਸਪੈਕਟਰਾਂ ਦੀ ਫਾਰਮਾਂ ਨੂੰ ਤਸਦੀਕ ਕਰਨ ਦੇ ਅਧਿਕਾਰ ਦੇਣ ਤੋਂ ਪਹਿਲਾਂ ਇੰਸਪੈਕਟਰਾਂ ਦੇ ਕਾਰਡ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਕਈ ਸ਼ਹਿਰਾਂ 'ਚ ਇਸ ਤਰਾਂ ਦੇ ਕੈਂਪ ਦੁਬਾਰਾ ਲਾ ਦਿੱਤੇ ਗਏ ਹਨ। ਸੂਤਰਾਂ ਨੇ ਕਿਹਾ ਕਿ ਪੰਜਾਬ 'ਚ ਇਸ ਵੇਲੇ 1 ਕਰੋੜ ਦੇ ਕਰੀਬ ਲੋਕ ਆਧਾਰ ਕਾਰਡ ਬਣਾਉਣ ਲਈ ਆਪਣੀਆਂ ਤਸਵੀਰਾਂ ਖਿਚਵਾ ਚੁੱਕੇ ਹਨ ਤੇ ਉਨ੍ਹਾਂ 'ਚੋਂ ਕਾਫ਼ੀ ਕਾਰਡ ਬਣ ਕੇ ਬੰਗਲੌਰ ਤੋਂ ਆ ਚੁੱਕੇ ਹਨ ਤੇ ਬਾਕੀ ਲੋਕਾਂ ਨੂੰ ਡਾਕ ਰਾਹੀਂ ਕਾਰਡ ਆਉਣੇ ਸ਼ੁਰੂ ਹੋ ਜਾਣਗੇ। ਇਸ ਵੇਲੇ 1.70 ਕਰੋੜ ਲੋਕਾਂ ਦੀਆਂ ਤਸਵੀਰਾਂ ਤੇ ਡਾਟਾ ਲੈ ਕੇ ਉਨ੍ਹਾਂ ਦੇ ਕਾਰਡ ਤਿਆਰ ਕਰਨ ਦਾ ਕੰਮ ਰਹਿ ਗਿਆ ਹੈ ਜਿਹੜਾ ਕਿ ਹੁਣ ਨਵੇਂ ਠੇਕੇ ਮੁਤਾਬਿਕ ਪੂਰਾ ਕੀਤਾ ਜਾਣਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਜਿਹੜੇ ਲੋਕਾਂ ਨੇ ਆਪਣੀਆਂ ਤਸਵੀਰਾਂ ਕਾਰਡ ਬਣਾਉਣ ਲਈ ਖਿਚਵਾਈਆਂ ਹਨ, ਉਨ੍ਹਾਂ ਨੂੰ ਦੁਬਾਰਾ ਤਸਵੀਰਾਂ ਖਿਚਵਾਉਣ ਲਈ ਲੋੜ ਨਹੀਂ।
No comments:
Post a Comment