Thursday, July 12, 2012

ਪੰਜਾਬ ਜ਼ਮੀਨ-ਜਾਇਦਾਦ ਦੀ ਆਨ-ਲਾਈਨ ਰਜਿਸਟ੍ਰੇਸ਼ਨ ਵਾਲਾ ਪਹਿਲਾ ਸੂਬਾ ਹੋਵੇਗਾ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 12 ਜੁਲਾਈ (ਗੁਰਪ੍ਰੀਤ ਸਿੰਘ ਮਹਿਕ): ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਜੀਤਗੜ੍ਹ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਰੂਪ ਵਿਚ ਪਾਇਲਟ ਪ੍ਰਾਜੈਕਟ ਮੁਕੰਮਲ ਕਰ ਕੇ, ਪੰਜਾਬ, ਦੇਸ਼ ਅੰਦਰ ਜਾਇਦਾਦ ਅਤੇ ਜ਼ਮੀਨ ਦੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਵਾਲਾ ਪਹਿਲਾ ਸੂਬਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਇਥੇ ਮਾਲ ਵਿਭਾਗ ਦੇ ਚਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਸਮੀਖਿਆ ਲਈ ਹੋਈ ਮੀਟਿੰਗ ਵਿਚ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦਸਿਆ ਕਿ ਮਾਲ ਵਿਭਾਗ ਜ਼ਮੀਨ ਅਤੇ ਜਾਇਦਾਦ ਦੀ ਆਨ ਲਾਈਨ ਰਜਿਸਟ੍ਰੇਸ਼ਨ ਲਾਗੂ ਕਰਨ ਲਈ ਪੂਰੀਆਂ ਤਿਆਰੀਆਂ ਕਰ ਚੁਕਿਆ ਹੈ ਅਤੇ ਅਕਤੂਬਰ ਮਹੀਨੇ ਵਿਚ ਇਹ ਪ੍ਰਾਜੈਕਟ ਲਾਗੂ ਹੋਣ ਨਾਲ ਮੁਹਾਲੀ ਆਨ ਲਾਈਨ ਰਜਿਸਟ੍ਰੇਸ਼ਨ ਵਿਵਸਥਾ ਵਾਲਾ ਪਹਿਲਾ ਜ਼ਿਲ੍ਹਾ ਬਣ ਜਾਵੇਗਾ। ਅਪਣੀ ਹੀ ਕਿਸਮ ਦੇ ਇਸ  ਪਹਿਲੇ ਲੋਕ ਪੱਖੀ ਪ੍ਰਾਜੈਕਟ ਦੇ ਵੇਰਵੇ ਦੇਂਦਿਆਂ ਮਾਲ ਮੰਤਰੀ ਨੇ ਦਸਿਆ ਕਿ ਇਸ ਪ੍ਰਾਜੈਕਟ ਤਹਿਤ ਖ਼ਰੀਦਦਾਰ ਪੰਜਾਬ ਲੈਂਡ ਰੀਕਾਰਡਜ਼ ਸੁਸਾਇਟੀ ਨੂੰ ਇਕ ਈਮੇਲ ਭੇਜ ਕੇ ਰਜਿਸਟ੍ਰੇਸ਼ਨ ਲਈ ਬੇਨਤੀ ਕਰੇਗਾ ਅਤੇ ਉਸ ਨੂੰ ਈਮੇਲ ਜ਼ਰੀਏ ਇਕ ਪਾਸਵਰਡ ਦਿਤਾ ਜਾਵੇਗਾ। ਇਸ ਉਪਰੰਤ ਖਰੀਦਦਾਰ ਜਾਇਦਾਦ ਦੇ ਵੇਰਵੇ ਸੁਸਾਇਟੀ ਦੇ ਪੋਰਟਲ ਦੇ ਬਰਾਊਜ਼ਰ ’ਤੇ ਭਰੇਗਾ ਅਤੇ ਅਪਣੇ ਦਸਤਾਵੇਜ਼ ਦੀ ਰਜਿਸਟ੍ਰੇਸ਼ਨ ਬਾਰੇ ਖ਼ੁਦ ਟਾਈਪ ਕਰੇਗਾ। ਉਨ੍ਹਾਂ ਦਸਿਆ ਕਿ ਸਾਫ਼ਟਵੇਅਰ ਅਪਣੇ ਆਪ ਸਟੈਂਪ ਡਿਊਟੀ ਦਸੇਗਾ ਅਤੇ ਬਰਾਊਜ਼ਰ ਵਿਚ ਸਟੈਂਪ ਡਿਊਟੀ ਜਮ੍ਹਾਂ ਕਰਾਉਣ ਸਬੰਧੀ ਚਲਾਨ ਨੰਬਰ ਦਾ ਵੇਰਵਾ ਦੇਵੇਗਾ। ਉਨ੍ਹਾਂ ਦਸਿਆ ਕਿ ਈਮੇਲ ਜ਼ਰੀਏ ਦਸਤਾਵੇਜ਼ ਜਮ੍ਹਾਂ ਹੋਣ ਉਪਰੰਤ ਰਜਿਸਟ੍ਰੇਸ਼ਨ ਅਥਾਰਟੀ ਵਲੋਂ ਦਸਤਾਵੇਜ਼ ਦੀ ਜਾਂਚ ਕਰ ਕੇ ਉਸ ਨੂੰ ਪ੍ਰਵਾਨ ਜਾਂ ਰੱਦ ਕੀਤਾ ਜਾਵੇਗਾ ਅਤੇ ਰਜਿਸਟ੍ਰੇਸ਼ਨ ਫ਼ੀਸ ਜਮ੍ਹਾਂ ਹੋਣ ਉਪਰੰਤ ਖ਼ਰੀਦਦਾਰ ਨੂੰ ਰਜਿਸਟ੍ਰੇਸ਼ਨ ਦਾ ਪ੍ਰਿੰਟ ਮਿਲੇਗਾ।  ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਜਿਥੇ ਲੋਕਾਂ ਦਾ ਸਰਕਾਰੀ ਤੰਤਰ ਨਾਲ ਸੰਵਾਦ ਘਟੇਗਾ, ਉਥੇ ਕਥਿਤ ਭ੍ਰਿਸ਼ਟਾਚਾਰ ਵੀ ਖਤਮ ਹੋਵੇਗਾ। ਇਸ ਮੌਕੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਨ 2013 ਤਕ ਮਾਲ ਵਿਭਾਗ ਇਸ ਪ੍ਰਾਜੈਕਟ ਨੂੰ ਸਾਰੇ ਜ਼ਿਲ੍ਹਿਆਂ ਅੰਦਰ ਲਾਗੂ ਕਰੇ। ਮੀਟਿੰਗ ਵਿਚ ਸ੍ਰੀ ਪਰਮਿੰਦਰ ਸਿੰਘ ਢੀਂਡਸਾ, ਵਿੱਤ ਮੰਤਰੀ, ਸ੍ਰੀ ਰਾਕੇਸ਼ ਸਿੰਘ, ਮੁੱਖ ਸਕੱਤਰ, ਸ੍ਰੀ ਐਨ.ਐਸ. ਕੰਗ, ਵਿੱਤ ਕਮਿਸ਼ਨਰ ਮਾਲ ਅਤੇ ਸ੍ਰੀ ਮਨਵੇਸ਼ ਸਿੰਘ ਸਿੱਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਪ੍ਰਮੁੱਖ ਤੌਰ ’ਤੇ ਸ਼ਾਮਲ ਹੋਏ।

No comments:

Post a Comment