ਚੰਡੀਗੜ੍ਹ, 6 ਜੁਲਾਈ-ਮੌਨਸੂਨ ਤੋਂ ਪਹਿਲਾਂ ਦੀ ਹੋਈ ਦਰਮਿਆਨੀ ਬਾਰਿਸ਼ ਨੇ ਪੰਜਾਬ ਸਮੇਤ ਉੱਤਰੀ ਭਾਰਤ ਦੀ ਤਪਸ਼ ਕਾਫ਼ੀ ਹੱਦ ਤੱਕ ਘਟਾ ਦਿੱਤੀ ਹੈ ਜਿਸ ਕਾਰਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਹੋਈ ਇਸ ਪੂਰਵ ਮੌਨਸੂਨ ਦੀ ਬਾਰਿਸ਼ ਨੇ ਇਹ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਆਉਂਦੇ 24 ਘੰਟਿਆਂ ਵਿਚ ਮੌਨਸੂਨ ਵੀ ਇੱਥੇ ਆ ਜਾਵੇਗਾ। ਮੌਸਮ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਮੌਨਸੂਨ ਦਿੱਲੀ ਦੇ ਨੇੜੇ ਤੇੜੇ ਪੁੱਜ ਚੁੱਕਾ ਹੈ। ਤੇਜ਼ ਹਵਾਵਾਂ ਕਾਰਨ ਮੌਨਸੂਨ ਰਸਤੇ ਤੋਂ ਕੁੱਝ ਭਟਕ ਗਿਆ ਸੀ, ਪਰ ਹੁਣ ਇਹ ਮੁੜ ਆਪਣੇ ਸਹੀ ਰਸਤੇ 'ਤੇ ਅੱਗੇ ਵੱਧ ਰਿਹਾ ਹੈ। ਅੱਜ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ ਹੋਈ ਬਾਰਿਸ਼ ਮੌਨਸੂਨ ਦੇ ਸਹੀ ਰਸਤੇ 'ਤੇ ਅੱਗੇ ਵੱਧਣ ਦੇ ਸੰਕੇਤ ਹਨ। ਵਿਭਾਗ ਅਨੁਸਾਰ ਅੱਜ ਜਿੱਥੇ ਚੰਡੀਗੜ੍ਹ ਵਿਚ 19.6 ਮਿਲੀਮੀਟਰ, ਡੇਰਾਬੱਸੀ ਵਿਚ ਸਾਢੇ 8 ਮਿਲੀਮੀਟਰ ਬਾਰਿਸ਼ ਹੋਈ, ਉੱਥੇ ਅੰਮ੍ਰਿਤਸਰ ਵਿਚ ਵੀ ਸਾਢੇ 8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਪਟਿਆਲਾ ਦੇ ਇਕ ਪਿੰਡ ਵਿਚ ਭਾਰੀ ਮੀਂਹ ਤੋਂ ਬਾਅਦ ਝੋਨੇ ਦੇ ਖੇਤ ਨੇੜੇ ਮੀਂਹ ਦੇ ਪਾਣੀ ਵਿਚ ਖੇਡਦੇ ਬੱਚਿਆਂ ਨੂੰ ਵੇਖਦੇ ਹੋਏ ਕਿਸਾਨ।
ਦਿੱਲੀ 'ਚ ਭਾਰੀ ਮੀਂਹ
ਨਵੀਂ ਦਿੱਲੀ (ਆਈ. ਏ. ਐਨ. ਐਸ.)-ਦਿੱਲੀ ਅਤੇ ਇਸ ਦੇ ਲਾਗਲੇ ਇਲਾਕਿਆਂ 'ਚ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅਗਲੇ ਚਾਰ-ਪੰਜ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕਈ ਦਿਨਾਂ ਤੱਕ ਜ਼ਿਆਦਾ ਗਰਮੀ ਦੇ ਬਾਅਦ ਸ਼ੁੱਕਰਵਾਰ ਦਾ ਦਿਨ ਭਾਰੀ ਮੀਂਹ ਦੇ ਨਾਲ ਦਿੱਲੀ ਅਤੇ ਐਨ. ਸੀ. ਆਰ. ਦੇ ਲੋਕਾਂ ਲਈ ਰਾਹਤ ਲੈ ਕੇ ਆਇਆ। ਮੌਸਮ ਵਿਭਾਗ ਅਨੁਸਾਰ ਸ਼ਾਮ ਤੋਂ ਦਿੱਲੀ ਅਤੇ ਇਸ ਦੇ ਨਾਲ ਦੇ ਇਲਾਕਿਆਂ 'ਚ ਭਾਰੀ ਮੀਂਹ ਪਿਆ, ਜਿਸ ਨਾਲ ਗਰਮੀ ਤੋਂ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ। ਮੀਂਹ ਕਾਰਨ ਸੜਕਾਂ 'ਤੇ ਕਾਫੀ ਪਾਣੀ ਜਮ੍ਹਾਂ ਹੋ ਗਿਆ ਅਤੇ ਜਗ੍ਹਾ-ਜਗ੍ਹਾ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਮੀਂਹ ਨਾਲ ਮੈਟਰੋ ਰੇਲਾਂ ਵੀ ਪ੍ਰਭਾਵਿਤ ਹੋਈਆਂ।
No comments:
Post a Comment