ਨਿਹਾਲ ਸਿੰਘ ਵਾਲਾ/ਸਮਾਧ ਭਾਈ, 6 ਜੁਲਾਈ - ਜ਼ਿਲ੍ਹਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸੀਨੀਅਰ ਅਕਾਲੀ ਆਗੂ ਪਿੰਡ ਦੇ ਸਰਪੰਚ, ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਲ ਸਿੰਘ ਖਾਈ ਅਤੇ ਉਨ੍ਹਾਂ ਦੇ ਭਰਾ ਕਰਮ ਸਿੰਘ ਦੀ ਦੇਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਹਲਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਪ੍ਰਧਾਨ ਗੁਰਮੇਲ ਸਿੰਘ ਖਾਈ ਦੇਰ ਸ਼ਾਮ ਕਰੀਬ 6.45 'ਤੇ ਟਰੱਕ ਯੂਨੀਅਨ ਦੀ ਮੀਟਿੰਗ ਕਰਵਾ ਕੇ ਆਪਣੇ ਪਿੰਡ ਖਾਈ ਵਿਖੇ ਘਰ ਦੇ ਬਿਲਕੁਲ ਨਜ਼ਦੀਕ ਹੀ ਸੱਥ ਦੇ ਰੂਪ ਵਿਚ ਬਣੇ ਥੜ੍ਹੇ 'ਤੇ ਬੈਠੇ ਬੰਦਿਆਂ ਕੋਲ ਬੈਠ ਗਏ ਅਤੇ ਆਪਣੇ ਗੰਨਮੈਨ ਨੂੰ ਘਰ ਜਾਣ ਲਈ ਆਖ ਦਿੱਤਾ। ਸ਼ਾਮ ਕਰੀਬ 7.00 ਵਜੇ ਦੇ ਕਰੀਬ ਸਿਲਵਰ ਰੰਗ ਦੀ ਸਕਾਰਪੀਓ ਗੱਡੀ ਵਿਚੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ, ਜਿਸ ਨਾਲ ਪ੍ਰਧਾਨ ਗੁਰਮੇਲ ਸਿੰਘ ਖਾਈ ਦੀ ਮੌਕੇ 'ਤੇ ਮੌਤ ਹੋ ਗਈ। ਕੋਲ ਬੈਠਾ ਉਸ ਦਾ ਭਰਾ ਕਰਮ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਅਤੇ ਬਾਅਦ ਵਿਚ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
No comments:
Post a Comment