ਸਰਕਾਰ ਵੱਲੋਂ ਨਿਯਮਾਂ ਅਨੁਸਾਰ ਇਕ-ਇਕ ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਆਦੇਸ਼
ਚੰਡੀਗੜ੍ਹ, 26 ਅਗਸਤ,2012-ਸਰਕਾਰ ਨੇ ਸੂਬੇ ਦੇ 4 ਜ਼ਿਲ੍ਹਿਆਂ ਦੇ 106 ਮੈਰਿਜ ਪੈਲੇਸਾਂ ਨੂੰ ਨੋਟਿਸ ਭੇਜ ਕੇ ਹੁਕਮ ਜਾਰੀ ਕੀਤੇ ਹਨ ਕਿ ਜਾਂ ਤਾਂ ਉਹ ਨਿਯਮਾਂ ਅਨੁਸਾਰ ਬਣਦੇ ਘੱਟੋ ਘੱਟ 1-1 ਕਰੋੜ ਰੁਪਏ ਸਰਕਾਰ ਨੂੰ ਜਮ੍ਹਾਂ ਕਰਾਉਣ ਜਾਂ ਫਿਰ ਪੈਲੇਸ ਨੂੰ ਤੁਰੰਤ ਬੰਦ ਕਰ ਦੇਣ। ਸਰਕਾਰ ਦੇ ਇਨ੍ਹਾਂ ਹੁਕਮਾਂ ਨਾਲ ਮੈਰਿਜ ਪੈਲੇਸਾਂ ਦੇ ਮਾਲਕਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ ਜਿਨ੍ਹਾਂ ਨੇ ਆਉਂਦੇ ਮਹੀਨਿਆਂ ਦੌਰਾਨ ਵਿਆਹਾਂ ਤੇ ਪਾਰਟੀਆਂ ਲਈ ਮੈਰਿਜ ਪੈਲੇਸ ਬੁੱਕ ਕਰਵਾਏ ਹੋਏ ਸਨ। ਉਪਰੋਕਤ ਬਾਰੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਗਰੇਟਰ ਮੋਹਾਲੀ ਵਿਕਾਸ ਅਥਾਰਿਟੀ (ਗਮਾਡਾ) ਨੇ ਅਜੀਤਗੜ੍ਹ, ਫਤਹਿਗੜ੍ਹ ਸਾਹਿਬ, ਰੋਪੜ ਅਤੇ ਪਟਿਆਲਾ ਜਿਲ੍ਹਿਆਂ ਦੇ 106 ਮੈਰਿਜ ਪੈਲੇਸਾਂ/ਬੈਂਕੁਏਟ ਸਥਾਨਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ ਜਦਕਿ ਬਾਕੀ ਪੰਜਾਬ ਤੇ ਜ਼ੀਰਕਪੁਰ ਦੇ ਸਾਰੇ ਅਜਿਹੇ ਮੈਰਿਜ ਪੈਲੇਸਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਹਰ ਮੈਰਿਜ ਪੈਲੇਸ ਕੋਲ ਲਗਭਗ 50-50 ਪ੍ਰੋਗਰਾਮ ਬੁੱਕ ਹਨ ਅਤੇ ਇਨ੍ਹਾਂ ਨੂੰ ਤਾਲੇ ਲੱਗਣ ਨਾਲ ਪੰਜਾਬ 'ਚ ਵੱਡੀ ਪੱਧਰ 'ਤੇ ਸਮਾਜਿਕ ਸੰਕਟ ਖੜ੍ਹਾ ਹੋ ਜਾਵੇਗਾ ਕਿਉਂਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਦੀਆਂ ਵਿਆਹ-ਸ਼ਾਦੀਆਂ ਨਿਸ਼ਚਿਤ ਕੀਤੀਆਂ ਹੋਈਆਂ ਹਨ, ਉਨ੍ਹਾਂ ਨੇ ਕਾਰਡ ਵਗੈਰਾ ਵੀ ਛਪਵਾਏ ਹੋਏ ਹਨ। ਨਾਲ ਹੀ ਵਿਆਹ ਸ਼ਾਦੀਆਂ ਮੌਕੇ ਕੇਟਰਿੰਗ, ਸਜਾਵਟਾਂ ਵਗੈਰਾ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਪੇਸ਼ਗੀ ਰਕਮਾਂ ਜਮ੍ਹਾਂ ਕਰਵਾਈਆਂ ਹੋਈਆਂ ਹਨ।
No comments:
Post a Comment