Friday, April 25, 2014

ਹਲਕਾ ਸੰਗਰੂਰ 'ਚ ਵਿਕਾਸ ਮੁੱਦੇ 'ਤੇ ਕੇਂਦਰਿਤ ਹੈ ਚੋਣ ਪ੍ਰਚਾਰ


ਸੰਗਰੂਰ 25 ਅਪ੍ਰੈਲ - ਲੋਕ ਸਭਾ ਚੋਣਾਂ ਲਈ ਜਿਥੇ ਪੂਰੇ ਪੰਜਾਬ ਵਿਚ ਚੋਣ ਪ੍ਰਚਾਰ ਸਿਖ਼ਰ 'ਤੇ ਪੁੱਜ ਚੁੱਕਾ ਹੈ ਉਥੇ ਲੋਕ ਸਭਾ ਹਲਕਾ ਸੰਗਰੂਰ ਵਿਚ ਵੀ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ | ਹਲਕਾ ਸੰਗਰੂਰ ਤੋਂ ਬੇਸ਼ੱਕ ਇਸ ਵੇਲੇ 21 ਉਮੀਦਵਾਰ ਚੋਣ ਮੈਦਾਨ ਵਿਚ ਹਨ ਪਰ ਚੋਣ ਪ੍ਰਚਾਰ ਦੌਰਾਨ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਪਾਰਟੀ ਦੇ ਸ੍ਰੀ ਵਿਜੈਇੰਦਰ ਸਿੰਗਲਾ ਵਿਚਕਾਰ ਮੁੱਖ ਮੁਕਾਬਲੇ ਨੂੰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਭਗਵੰਤ ਮਾਨ ਨੇ ਬੇਹੱਦ ਦਿਲਚਸਪ ਬਣਾ ਦਿੱਤਾ ਹੈ | ਇਸ ਵੇਲੇ ਇਸ ਹਲਕੇ ਵਿਚ ਉਕਤ ਤਿੰਨਾਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਮਦਨ ਲਾਲ ਭੱਟੀ, ਸੀ.ਪੀ.ਆਈ. ਦੇ ਸੁਖਦੇਵ ਰਾਮ ਸ਼ਰਮਾ, ਸੀ.ਪੀ.ਐਮ. ਦੇ ਜੋਗਿੰਦਰ ਸਿੰਘ ਔਲਖ, ਅਕਾਲੀ ਦਲ (ਅੰਮਿ੍ਤਸਰ) ਦੇ ਸ: ਕਰਨੈਲ ਸਿੰਘ ਨਾਰੀਕੇ, ਭਾਰਤੀ ਸਮਾਜ ਪਾਰਟੀ ਦੇ ਗੁਰਦੀਪ ਸਿੰਘ ਡੈਮੋਕ੍ਰੈਟਿਕ, ਸੀ.ਪੀ.ਆਈ.ਐਮ.ਐਲ. (ਲਿਬਰੇਸ਼ਨ) ਦੇ ਗੁਰਪ੍ਰੀਤ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਜਸਵੰਤ ਸਿੰਘ, ਸੀ.ਪੀ. ਆਈ. (ਐਮ. ਐਲ.) ਰੈੱਡ ਸਟਾਰ ਦੇ ਜੀਤ ਸਿੰਘ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮਹਿਮੂਦ ਅਹਿਮਦ ਥਿੰਦ ਆਦਿ ਸ਼ਾਮਿਲ ਹਨ | ਬਾਬੂ ਬਿਰਸ਼ ਭਾਨ, ਸ: ਸੁਰਜੀਤ ਸਿੰਘ ਬਰਨਾਲਾ ਅਤੇ ਬੀਬੀ ਰਜਿੰਦਰ ਕੌਰ ਭੱਠਲ ਸਮੇਤ ਤਿੰਨ ਮੁੱਖ ਮੰਤਰੀ ਬਣਾਉਣ ਵਾਲੇ ਹਲਕਾ ਸੰਗਰੂਰ ਦਾ ਹੁਣ ਤੱਕ ਦਾ ਚੋਣ ਇਤਿਹਾਸ ਵੀ ਬੇਹੱਦ ਦਿਲਚਸਪ ਰਿਹਾ ਹੈ | ਲੋਕ ਸਭਾ ਚੋਣਾਂ ਦੇ 1962 ਤੋਂ 2009 ਤੱਕ ਦੇ 13 ਲੋਕ ਸਭਾ ਨਤੀਜਿਆਂ ਮੁਤਾਬਕ ਸੰਗਰੂਰ ਤੋਂ 5 ਵਾਰ ਸ਼੍ਰੋਮਣੀ ਅਕਾਲੀ ਦਲ, 4 ਵਾਰ ਕਾਂਗਰਸ, 2 ਵਾਰ ਮਾਨ ਦਲ ਅਤੇ ਇਕ ਵਾਰੀ ਸੀ.ਪੀ.ਆਈ. ਦੇ ਉਮੀਦਵਾਰ ਜੇਤੂ ਰਹੇ ਹਨ | ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਤਿੰਨ ਵਾਰ 1977, 1996 ਅਤੇ 1998 ਦੀ ਚੋਣ ਜਿੱਤ ਚੁੱਕੇ ਹਨ | ਲੋਕ ਸਭਾ ਹਲਕਾ ਸੰਗਰੂਰ ਦੀ ਮੌਜੂਦਾ ਸਥਿਤੀ ਮੁਤਾਬਕ ਵਿਧਾਨ ਸਭਾ ਹਲਕਿਆਂ 'ਚੋਂ 5 ਲਹਿਰਾਗਾਗਾ, ਧੂਰੀ, ਮਹਿਲ ਕਲਾਂ, ਬਰਨਾਲਾ ਤੇ ਭਦੌੜ 'ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ ਜਦਕਿ 4 ਹਲਕਿਆਂ ਮਾਲੇਰਕੋਟਲਾ, ਸੰਗਰੂਰ, ਸੁਨਾਮ ਤੇ ਦਿੜ੍ਹਬਾ 'ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੈ | ਪਿਛਲੀ ਲੋਕ ਸਭਾ ਚੋਣ ਵਿਚ ਕਾਂਗਰਸ ਪਾਰਟੀ ਦੇ ਸ੍ਰੀ ਵਿਜੈਇੰਦਰ ਸਿੰਗਲਾ ਨੇ ਅਕਾਲੀ-ਭਾਜਪਾ ਦੇ ਸ: ਸੁਖਦੇਵ ਸਿੰਘ ਢੀਂਡਸਾ ਨੰੂ 40,872 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ | ਇਸ ਵਾਰ ਫਿਰ ਦੋਵੇਂ ਆਗੂ ਸਿੰਗਲਾ ਤੇ ਢੀਂਡਸਾ ਆਹਮੋ-ਸਾਹਮਣੇ ਹਨ | ਚੋਣਾਂ ਵਿਚ ਜਿੱਥੇ ਇਕ ਪਾਸੇ ਪਿਛਲੇ 40 ਸਾਲਾਂ ਤੋਂ ਸੰਗਰੂਰ-ਬਰਨਾਲਾ ਜ਼ਿਲਿ੍ਆਂ ਵਿਚ ਲੰਬੀ ਸੇਵਾ ਕਰਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਂਡਸਾ ਦੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨਾਲ ਪ੍ਰਛਾਵੇਂ ਵਰਗੀ ਨੇੜਤਾ ਸਦਕਾ ਵੱਡੀ ਸਿਆਸੀ ਸ਼ਖ਼ਸੀਅਤ ਹਨ ਉਥੇ ਦੂਜੇ ਪਾਸੇ ਸ੍ਰੀ ਰਾਹੁਲ ਗਾਂਧੀ ਦੀ ਨਿੱਜੀ ਟੀਮ ਦੇ ਮੈਂਬਰ ਸਮਝੇ ਜਾਂਦੇ ਸ੍ਰੀ ਵਿਜੈਇੰਦਰ ਸਿੰਗਲਾ ਹਨ ਜਿਨ੍ਹਾਂ ਨੂੰ ਹਲਕੇ ਅੰਦਰਲੀ ਪਾਰਟੀ ਧੜੇਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 


ਹਲਕਾ ਸੰਗਰੂਰ ਤੋਂ ਉਮੀਦਵਾਰ
ਸ: ਢੀਂਡਸਾ ਦੇ ਚੋਣ ਪ੍ਰਚਾਰ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਸੀਨੀਅਰ ਆਗੂ ਸ: ਬਲਵੰਤ ਸਿੰਘ ਰਾਮੂਵਾਲੀਆ ਕਈ ਵਾਰ ਸੰਗਰੂਰ ਹਲਕੇ ਦਾ ਦੌਰਾ ਕਰ ਚੁੱਕੇ ਹਨ | ਸ: ਢੀਂਡਸਾ ਲਈ ਇਹ ਵੱਡੇ ਸਕੂਨ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਵਿਚ ਉਨ੍ਹਾਂ ਦਾ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਹੈ ਅਤੇ ਹਲਕੇ ਦੇ ਸਾਰੇ ਅਕਾਲੀ ਆਗੂ ਢੀਂਡਸਾ ਨੂੰ ਜਿਤਾਉਣ ਲਈ ਛੇ ਮਹੀਨਿਆਂ ਤੋਂ ਦਿਨ-ਰਾਤ ਇੱਕ ਕਰਦੇ ਨਜ਼ਰ ਆ ਰਹੇ ਹਨ | ਹੈਰਾਨੀ ਦੀ ਗੱਲ ਇਹ ਕਿ ਢੀਂਡਸਾ ਨੇ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਵਰਗੇ ਉਨ੍ਹਾਂ ਸਾਰੇ ਅਕਾਲੀ ਆਗੂਆਂ ਨੂੰ ਆਪਣੀ ਚੋਣ ਮੁਹਿੰਮ ਵਿਚ ਖੁੱਲ੍ਹ ਕੇ ਤੋਰ ਲਿਆ ਹੈ ਜਿਹੜੇ ਕੁਝ ਸਮੇਂ ਤੋਂ ਅੰਦਰੂਨੀ ਮਤਭੇਦਾਂ ਕਾਰਨ ਢੀਂਡਸਾ ਤੋਂ ਨਾਰਾਜ਼ ਦੱਸੇ ਜਾਂਦੇ ਸਨ | ਇੱਥੋਂ ਤੱਕ ਕਿ ਕਾਂਗਰਸ ਦੇ ਨੇੜੇ ਸਮਝੇ ਜਾਂਦੇ ਬਰਨਾਲਾ ਖੇਤਰ ਦੇ ਧਾਰਮਿਕ ਆਗੂ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ, ਮਾਲੇਰਕੋਟਲਾ ਹਲਕੇ ਵਿਚ ਚੰਗਾ ਸਿਆਸੀ ਰਸੂਖ਼ ਰੱਖਦੇ ਅਮਰਗੜ੍ਹ ਦੇ ਪੀਪਲਜ਼ ਪਾਰਟੀ ਨੇਤਾ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ ਅਤੇ ਤਾਰਾ ਗਰੁੱਪ ਦੇ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਸ: ਢੀਂਡਸਾ ਦੀ ਖੁੱਲ੍ਹ ਕੇ ਹਿਮਾਇਤ ਦਾ ਐਲਾਨ ਕਰ ਦਿੱਤਾ ਹੈ | 'ਆਪ' ਦੇ ਉਮੀਦਵਾਰ ਭਗਵੰਤ ਮਾਨ ਦੀ ਚੋਣ ਮੁਹਿੰਮ ਵਿਚ ਪਾਰਟੀ ਨੇਤਾ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਯੋਗਿੰਦਰ ਯਾਦਵ ਰੋਡ ਸ਼ੋਅ ਰਾਹੀਂ ਆਪਣੀ ਹਾਜ਼ਰੀ ਲਵਾ ਚੁੱਕੇ ਹਨ | ਪੰਜਾਬੀ ਲੋਕ ਗਾਇਕਾਂ ਬਲਕਾਰ ਸਿੱਧੂ, ਇੰਦਰਜੀਤ ਨਿੱਕੂ, ਹਰਜੀਤ ਹਰਮਨ ਅਤੇ ਰਵਿੰਦਰ ਗਰੇਵਾਲ ਦੇ ਦੌਰਿਆਂ ਨੇ ਵੀ ਨੌਜਵਾਨ ਵਰਗ ਨੂੰ 'ਆਪ' ਪਾਰਟੀ ਵੱਲ ਜ਼ਰੂਰ ਖਿੱਚਿਆ ਹੈ ਪਰ ਹੇਠਲੇ ਪੱਧਰ ਤੱਕ ਪਾਰਟੀ ਦਾ ਕੋਈ ਜੱਥੇਬੰਦਕ ਢਾਂਚਾ ਨਾ ਹੋਣ ਕਾਰਨ ਭਗਵੰਤ ਮਾਨ ਦੀ ਚੋਣ ਮੁਹਿੰਮ ਸਿਰਫ਼ ਕਿਸੇ ਇਲਾਕੇ ਵਿਚ ਉਨ੍ਹਾਂ ਦੇ ਆਉਣ ਤੱਕ ਹੀ ਸੀਮਤ ਰਹਿ ਜਾਂਦੀ ਹੈ | ਪਾਰਟੀ ਧੜੇਬੰਦੀ ਦਾ ਸੰਤਾਪ ਭੋਗ ਰਹੇ ਕਾਂਗਰਸੀ ਉਮੀਦਵਾਰ ਸ੍ਰੀ ਵਿਜੈਇੰਦਰ ਸਿੰਗਲਾ ਵੀ ਹਾਲੇ ਤੱਕ ਆਪਣੀ ਪਾਰਟੀ ਦੇ ਸਥਾਨਕ ਵੱਡੇ ਆਗੂਆਂ ਨੂੰ ਆਪਣੀ ਚੋਣ ਮੁਹਿੰਮ ਵਿਚ ਖੁੱਲ੍ਹ ਕੇ ਨਹੀਂ ਤੋਰ ਸਕੇ | ਪਾਰਟੀ ਹਾਈ ਕਮਾਨ ਵੱਲੋਂ 24 ਘੰਟੇ ਵਿਚ ਆਪੋ-ਆਪਣੇ ਹਲਕਿਆਂ 'ਚ ਕਾਂਗਰਸ ਦੀ ਚੋਣ ਮੁਹਿੰੰਮ ਸੰਭਾਲ ਲੈਣ ਦੇ ਆਦੇਸ਼ਾਂ ਦਾ ਘੱਟੋ-ਘੱਟ ਸੰਗਰੂਰ ਲੋਕ ਸਭਾ ਹਲਕੇ ਅੰਦਰ ਵਿਸ਼ੇਸ਼ ਅਸਰ ਵਿਖਾਈ ਨਹੀਂ ਦੇ ਰਿਹਾ | ਬਸਪਾ ਦੇ ਉਮੀਦਵਾਰ ਮਦਨ ਭੱਟੀ ਦੀ ਚੋਣ ਮੁਹਿੰਮ ਭਾਵੇਂ ਬਹੁਤ ਠੰਢੀ ਚੱਲ ਰਹੀ ਹੈ ਪਰ ਹਲਕੇ ਵਿਚ ਪਾਰਟੀ ਦੀ ਆਪਣੀ ਰਾਖਵੀਂ ਵੋਟ ਹੋਣ ਕਾਰਨ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਉਪਰ ਕਾਫ਼ੀ ਅਸਰ ਪਾਉਂਦੀ ਹੈ | ਪਿਛਲੀ ਲੋਕ ਸਭਾ ਚੋਣਾਂ ਵਿਚ ਹਲਕਾ ਸੰਗਰੂਰ ਤੋਂ ਬਸਪਾ ਉਮੀਦਵਾਰ ਨੇ 69943 ਵੋਟਾਂ ਹਾਸਲ ਕੀਤੀਆਂ ਸਨ | ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਸ੍ਰੀ ਕਰਨੈਲ ਸਿੰਘ ਨਾਰੀਕੇ ਅਤੇ ਖੱਬੇ-ਪੱਖੀ ਵੱਖ-ਵੱਖ ਚਾਰ ਪਾਰਟੀਆਂ ਦੇ ਉਮੀਦਵਾਰ ਵੀ ਟਾਵੀਂ-ਟਾਵੀਂ ਥਾਂ 'ਤੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ | ਮਾਲਵੇ 'ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਤੇ ਲੰਬੇ ਸਮੇਂ ਵੱਡਾ ਪ੍ਰਭਾਵ ਛੱਡਦੇ ਆ ਰਹੇ ਡੇਰਾ ਸਿਰਸਾ ਵਰਗੇ ਧਾਰਮਿਕ ਅਦਾਰਿਆਂ ਦਾ ਇਨ੍ਹਾਂ ਚੋਣਾਂ ਲਈ ਆਪਣੇ ਸ਼ਰਧਾਲੂਆਂ ਨੂੰ ਕੀਤਾ ਜਾਣ ਵਾਲਾ ਇਸ਼ਾਰਾ ਚੋਣ ਨਤੀਜਿਆਂ 'ਚ ਫੇਰ ਬਦਲ ਕਰ ਦੇਣ ਦੇ ਸਮਰੱਥ ਹੈ | ਇਸ ਲਈ ਇਨ੍ਹਾਂ ਡੇਰਿਆਂ ਦੇ ਰਾਜਨੀਤਕ ਵਿੰਗਾਂ ਵੱਲੋਂ ਦਿੱਤੇ ਜਾਣ ਵਾਲੇ ਸੁਨੇਹੇ ਵੱਲ ਸਭ ਦੀਆਂ ਨਜ਼ਰਾਂ ਰਹਿਣਗੀਆਂ | 

ਹਲਕਿਆਂ ਦੀ ਸਥਿਤੀ
ਸੰਗਰੂਰ ਲੋਕ ਸਭਾ ਹਲਕੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਮੌਜੂਦਾ ਸਥਿਤੀ ਮੁਤਾਬਕ ਲਹਿਰਾਗਾਗਾ, ਮਾਲੇਰਕੋਟਲਾ, ਸੰਗਰੂਰ, ਦਿੜ੍ਹਬਾ ਅਤੇ ਸੁਨਾਮ ਤੋਂ ਬਗੈਰ ਬਾਕੀ ਚਾਰ ਹਲਕਿਆਂ ਧੂਰੀ, ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਦੇ ਕਾਂਗਰਸੀ ਵਿਧਾਇਕ ਹੁਣ ਤੱਕ ਆਪਣੇ ਉਮੀਦਵਾਰ ਸ੍ਰੀ ਵਿਜੈਇੰਦਰ ਸਿੰਗਲਾ ਦੇ ਚੋਣ ਪ੍ਰਚਾਰ ਤੋਂ ਆਪਣੇ ਆਪ ਨੂੰ ਲਾਂਭੇ ਰੱਖੇ ਰਹੇ ਹਨ | ਭਦੌੜ ਤੋਂ ਵਿਧਾਇਕ ਮੁਹੰਮਦ ਸਦੀਕ ਦੇ ਦਾਮਾਦ ਸੂਰਜ ਭਾਰਦਵਾਜ ਹਲਕੇ ਵਿਚ ਵਿਚਰਦੇ ਜ਼ਰੂਰ ਦਿਖਾਈ ਦਿੰਦੇ ਹਨ ਜਦਕਿ ਧੂਰੀ ਤੋਂ ਵਿਧਾਇਕ ਅਰਵਿੰਦ ਖੰਨਾ, ਮਹਿਲ ਕਲਾਂ ਤੋਂ ਬੀਬੀ ਹਰਚੰਦ ਕੌਰ ਘਨੌਰੀ ਤੇ ਬਰਨਾਲਾ ਤੋਂ ਕੇਵਲ ਢਿੱਲੋਂ 'ਤੇ ਪਾਰਟੀ ਹਾਈ ਕਮਾਨ ਦੀ ਚਿਤਾਵਨੀ ਦਾ ਅਸਰ ਵਿਖਾਈ ਨਹੀਂ ਦੇ ਰਿਹਾ | ਇਸ ਤਰ੍ਹਾਂ ਸ੍ਰੀ ਸਿੰਗਲਾ ਨੂੰ ਵੱਡੇ ਪੱਧਰ 'ਤੇ ਵਰਕਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਜੇ ਪਾਸੇ ਅਕਾਲੀ-ਭਾਜਪਾ ਉਮੀਦਵਾਰ ਸ: ਸੁਖਦੇਵ ਸਿੰਘ ਢੀਂਡਸਾ ਨੇ ਸਾਰੇ ਅਕਾਲੀ ਨੇਤਾਵਾਂ ਨੂੰ ਇਕਜੁੱਟ ਕਰ ਕੇ ਆਪਣੇ ਚੋਣ ਮੋਰਚੇ 'ਤੇ ਤਾਇਨਾਤ ਕਰ ਰੱਖਿਆ ਹੈ | 'ਆਪ' ਦੇ ਉਮੀਦਵਾਰ ਭਗਵੰਤ ਮਾਨ ਲਈ ਕਿਸੇ ਵੀ ਹਲਕੇ ਵਿਚ ਕਿਸੇ ਵੀ ਤਰ੍ਹਾਂ ਦੇ ਜਥੇਬੰਦਕ ਢਾਂਚੇ ਦੀ ਅਣਹੋਂਦ ਚੋਣ ਪ੍ਰਚਾਰ ਦੇ ਬੱਝਵੇਂ ਪ੍ਰਭਾਵ ਨੂੰ ਉਭਰਨ ਨਹੀਂ ਦੇ ਰਹੀ | 

No comments:

Post a Comment