Wednesday, January 20, 2016

ਸੰਗਰੂਰ ਸਿਹਤ ਵਿਭਾਗ ਵੱਲੋਂ ਸਿਹਤ ਮੇਲਾ


ਸੰਗਰੂਰ, 20 ਜਨਵਰੀ - ਸਿਹਤ ਵਿਭਾਗ ਵੱਲੋਂ ਲੋਕਾਂ ਲਈ ਕਈ ਮੁਫ਼ਤ ਸਿਹਤ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਪ੍ਰਤੀ ਵੱਧ ਤੋਂ ਵੱਧ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਸਿਹਤ ਸਹੂਲਤਾਂ ਪ੍ਰਤੀ ਜਾਗਰੂਕਤਾ ਵਿਚ ਸਿਹਤ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਰਵਿੰਦ ਕੁਮਾਰ ਐੱਮ.ਕੇ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਲਗਾਏ ਸਿਹਤ ਮੇਲੇ ਦਾ ਉਦਘਾਟਨ ਕਰਨ ਮੌਕੇ ਕੀਤਾ | ਸ੍ਰੀ ਅਰਵਿੰਦ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੰਤਵ ਹਰ ਵਰਗ ਦੇ ਵਿਅਕਤੀ ਨੂੰ ਚੰਗੀ ਸਿਹਤ ਸੁਵਿਧਾ ਮੁਹੱਈਆ ਕਰਵਾਉਣਾ ਹੈ, ਇਸੇ ਮੰਤਵ ਦੀ ਪੂਰਤੀ ਹਿੱਤ ਸਿਹਤ ਵਿਭਾਗ ਨੇ ਇੱਕ ਕਦਮ ਹੋਰ ਅੱਗੇ ਵਧਦਿਆਂ ਨੀਲੇ ਕਾਰਡ ਧਾਰਕਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਲੋਕਾਂ ਨੂੰ ਸਿਹਤ ਯੋਜਨਾਵਾਂ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ | ਸਿਹਤ ਮੇਲੇ ਦੌਰਾਨ ਕਰੀਬ 1004 (ਇੱਕ ਹਜ਼ਾਰ ਚਾਰ) ਲੋਕਾਂ ਦੀ ਸਿਹਤ ਦਾ ਮੁਫ਼ਤ ਚੈੱਕ-ਅੱਪ ਕਰਨ ਦੇ ਨਾਲ ਨਾਲ ਮੁਫ਼ਤ ਦਵਾਈਆਂ, ਲੈਬਾਰਟਰੀ ਟੈੱਸਟ, ਐਕਸ-ਰੇ ਆਦਿ ਦੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ | ਮੇਲੇ ਦੌਰਾਨ ਜਿੱਥੇ ਕੈਂਸਰ, ਲੈਪਰੋਸੀ, ਐੱਚ.ਆਈ.ਵੀ ਏਡਜ਼, ਫਲੋਰੋਸਿਸ, ਮਲੇਰੀਆ, ਡੇਂਗੂ, ਬੱਚੀ ਬਚਾਓ, ਟੀਕਾਕਰਨ, ਸਵਾਈਨ ਫਲੂ, ਸਿਹਤ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਆਦਿ ਪ੍ਰਤੀ ਜਾਗਰੂਕ ਕਰਦੀਆਂ ਸਟਾਲਾਂ ਲਗਾਈਆਂ ਗਈਆਂ ਉੱਥੇ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸੰਤੁਲਿਤ ਖ਼ੁਰਾਕ ਪ੍ਰਤੀ ਗਰਭਵਤੀ ਔਰਤਾਂ ਅਤੇ ਮਾਂਵਾਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਗਿਆ | ਮੇਲੇ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਿੰਦਰ ਕਲੇਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਲਦੀਪ ਸਿੰਘ, ਐੱਸ.ਐੱਮ.ਓ ਆਈ ਮੁਬਾਈਲ ਡਾ. ਕਿਰਨਜੋਤ ਕੌਰ ਬਾਲੀ, ਡਾ. ਗੁਰਸ਼ਰਨ, ਐੱਸ.ਐੱਮ.ਓ ਸੰਗਰੂਰ ਡਾ. ਬਲਵੰਤ ਸਿੰਘ, ਡਾ. ਅੰਜੂ, ਡਾ. ਪਰਮਵੀਰ ਸਿੰਘ ਕਲੇਰ, ਡਾ. ਇੰਦਰਜੀਤ ਸਿੰਗਲਾ, ਡਾ. ਕਿਰਪਾਲ ਸਿੰਘ, ਡਾ. ਵਿਕਾਸ ਧੀਰ, ਮਾਲਵਿੰਦਰ ਸਿੰਘ, ਪਿ੍ੰਸੀਪਲ ਸੁਸ਼ਮਾ ਸਿੰਗਲਾ, ਮਾਸ ਮੀਡੀਆ ਵਿੰਗ ਤੋਂ ਵਿਕਰਮ ਸਿੰਘ, ਦੀਪਕ ਸ਼ਰਮਾ, ਹਰਪ੍ਰੀਤ ਸਿੰਘ ਅਤੇ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮੂਹ ਐੱਨ.ਐੱਚ. ਐੱਮ ਅਤੇ ਸਿਵਲ ਹਸਪਤਾਲ ਸੰਗਰੂਰ ਦਾ ਸਟਾਫ਼ ਮੌਜੂਦ ਸੀ | 

No comments:

Post a Comment