Thursday, April 12, 2012

ਵਿਸਾਖੀ : ਖ਼ਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਕ ਪੁਰਬ





ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ

ਪੀਵਹੁ ਪਾਹੁਲ ਖੰਡੇਧਾਰ ਹੁਇ ਜਨਮ ਸੁਹੇਲਾ
ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਵਿਚ ਤਾਂ ਵਿਸਾਖੀ ਦਿਵਸ ਨੂੰ ਨਵ-ਜਾਗ੍ਰਿਤੀ ਦਾ ਦਿਵਸ ਵੀ ਸਵੀਕਾਰ ਕੀਤਾ ਗਿਆ ਹੈ। ਇਸ ਪਾਵਨ ਦਿਹਾੜੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਚਰਨੁ ਪਾਹੁਲ ਦੀ ਜਗ੍ਹਾ ਖੰਡੇ ਬਾਟੇ ਦੇ ਅੰਮ੍ਰਿਤ ਦਾ ਪ੍ਰਵਾਹ ਸ਼ੁਰੂ ਹੋਇਆ। ਇਸ ਅੰਮ੍ਰਿਤ ਦੇ ਛਕਣ ਨਾਲ ਇਕ ਨਵੀਂ ਕੌਮ ਖਾਲਸਾ ਪੰਥ ਦਾ ਜਨਮ ਹੋਇਆ। ਸੰਸਾਰ ਦੇ ਇਤਿਹਾਸ ਵਿਚ ਕਿਸੇ ਕੌਮ ਦਾ ਜਨਮ ਦਿਨ ਨਹੀਂ ਮਿਥਿਆ ਜਾ ਸਕਦਾ। ਸਮਾਂ ਪਾ ਕੇ ਉਨ੍ਹਾਂ ਦੀ ਰੂਪ-ਰੇਖਾ ਬਣੀ ਉਨ੍ਹਾਂ ਨੂੰ ਬਣਾਉਣ ਵਾਲੇ ਉਨ੍ਹਾਂ ਦੇ ਰਹਿਬਰ ਆਪ ਨਹੀਂ ਸਨ, ਸਗੋਂ ਮਗਰੋਂ ਜਾ ਕੇ ਉਨ੍ਹਾਂ ਨੇ ਕੌਮ ਦਾ ਰੂਪ ਧਾਰਨ ਕੀਤਾ। ਵਿਸਾਖੀ ਦਾ ਦਿਨ ਸਿੱਖ ਕੌਮ ਦੇ ਸਿਰਜਨਾ ਦਿਵਸ ਦੇ ਸਰੂਪ ਵਿਚ ਨਿਯਤ ਹੈ। ਇਸ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਆਪ ਆਖਰੀ ਛੋਹ ਦੇ ਕੇ ਨਿਆਰਾ ਰੂਪ ਸਥਾਪਤ ਕੀਤਾ। ਸਿਰ ਧਰਿ ਤਲੀ ਗਲੀ ਮੇਰੀ ਆਉ ਅਤੇ ਸਿਰ ਦੀਜੈ ਕਾਣ ਨ ਕੀਜੇ ਦਾ ਜਾਪ ਕਰਦੇ ਆ ਰਹੇ ਸਿੱਖਾਂ ਨੂੰ ਵਿਸਾਖੀ ਵਾਲੇ ਦਿਹਾੜੇ ਇਕ ਕਠਿਨ ਇਤਿਹਾਸਕ ਪ੍ਰੀਖਿਆ ਰਾਹੀਂ ਖਾਲਸੇ ਦੇ ਰੂਪ ਵਿਚ ਪੂਰਨ ਮਨੁੱਖ ਬਣਾ ਦਿੱਤਾ।
ਵਿਸਾਖੀ ਪੁਰਬ ਨੂੰ ਸਿੱਖ ਸਿਮ੍ਰਤੀ ਦਾ ਵਿਸ਼ੇਸ਼ ਅੰਗ ਬਣਾਉਣ ਦੇ ਮਕਸਦ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699 ਦੀ ਵਿਸਾਖੀ ਪੁਰਬ ਤੇ ਸੰਗਤਾਂ ਨੂੰ ਵੱਡੀ ਤਾਦਾਦ ਵਿਚ ਸ੍ਰੀ ਅਨੰਦਪੁਰ ਸਾਹਿਬ ਹੁੰਮ-ਹੁਮਾ ਕੇ ਪੁੱਜਣ ਲਈ ਵਿਸ਼ੇਸ਼ ਹੁਕਮਨਾਮੇ ਜਾਰੀ ਕੀਤੇ :
ਬੈਸਾਖੀ ਕੇ ਦਰਸ ਪੈ ਸਤਿਗੁਰ ਕਿਯੋ ਬਿਚਾਰ।
ਕਿਯੋ ਪ੍ਰਗਟ ਤਬ ਖਾਲਸਾ ਚੂਕਯੋ ਸਰਬ ਜੰਜਾਲ।
(ਸ੍ਰੀ ਗੁਰ ਸੋਭਾ)
1699 ਈ: ਦੀ ਵਿਸਾਖੀ ਨੂੰ ਕੇਸਗੜ੍ਹ ਵਿਖੇ ਇਕ ਭਾਰੀ ਦੀਵਾਨ ਸਜ ਗਿਆ। ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ 'ਚੋਂ ਕੱਢ ਕੇ ਗਰਜ ਕੇ ਕਿਹਾ ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆਂ, ਨਿਸ਼ਾਨਿਆਂ ਲਈ ਜਾਨ ਵਾਰਨ ਲਈ ਤਿਆਰ ਹੋਵੇ। ਇਹ ਸੁਣ ਕੇ ਚਾਰੇ ਪਾਸੇ ਚੁੱਪ ਛਾ ਗਈ। ਤੀਜੀ ਵਾਰ ਆਵਾਜ਼ ਦੇਣ 'ਤੇ ਲਾਹੌਰ ਦੇ ਭਾਈ ਦਇਆ ਰਾਮ ਨੇ ਸੀਸ ਭੇਟ ਕੀਤਾ। ਗੁਰੂ ਜੀ ਉਸ ਨੂੰ ਨਾਲ ਲੱਗੇ ਛੋਟੇ ਤੰਬੂ ਵਿਚ ਲੈ ਗਏ। ਦੀਵਾਨ ਵਿਚ ਬੈਠੀ ਸੰਗਤ ਨੇ ਕੋਈ ਚੀਜ਼ ਜ਼ਮੀਨ 'ਤੇ ਡਿੱਗਣ ਦੀ ਆਵਾਜ਼ ਸੁਣੀ। ਸੰਗਤ ਵਿਚ ਆ ਕੇ ਖੂਨ ਨਾਲ ਭਰੀ ਕਿਰਪਾਨ ਗੁਰੂ ਜੀ ਨੇ ਫਿਰ ਲਹਿਰਾਈ ਤੇ ਇਕ ਹੋਰ ਸੀਸ ਦੀ ਮੰਗ ਕੀਤੀ। ਦੂਜੀ ਵਾਰ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਦਾਸ ਜੀ ਆਏ। ਤੀਜੀ ਵਾਰ ਜਗਨਨਾਥ ਪੁਰੀ (ਉੜੀਸਾ) ਦੇ ਇਕ ਰਸੋਈਏ ਸਿੱਖ ਹਿੰਮਤ ਰਾਇ, ਚੌਥੀ ਵਾਰ ਦਵਾਰਕਾ (ਗੁਜਰਾਤ) ਦੇ ਇਕ ਛੀਂਬੇ ਮੋਹਕਮ ਚੰਦ ਤੇ ਪੰਜਵੀਂ ਵਾਰ ਬਿਦਰ (ਕਰਨਾਟਕ) ਦੇ ਇਕ ਨਾਈ ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤੇ।
ਗੁਰੂ ਜੀ ਉਨ੍ਹਾਂ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਤੰਬੂ ਤੋਂ ਬਾਹਰ ਸੰਗਤਾਂ ਸਾਹਮਣੇ ਲੈ ਆਏ। ਅੰਮ੍ਰਿਤ ਤਿਆਰ ਕੀਤਾ ਅਤੇ ਪੰਜਾਂ ਸਿੱਖਾਂ ਨੂੰ ਛਕਾ ਕੇ ਸਿੰਘ ਦਾ ਲਕਬ ਦਿੱਤਾ ਅਤੇ ਪੰਜਾਂ ਪਿਆਰਿਆਂ ਦੀ ਪਦਵੀ ਦਿੱਤੀ। ਫਿਰ ਆਪ ਉਨ੍ਹਾਂ ਪਾਸੋਂ ਅੰਮ੍ਰਿਤ ਛਕਿਆ ਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਕ ਇਨਕਲਾਬੀ ਕਦਮ ਚੁੱਕਿਆ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਇਸ ਅਲੌਕਿਕ ਵਰਤਾਰੇ ਨੂੰ ਭਾਵਪੂਰਕ ਸ਼ਬਦਾਂ ਵਿਚ ਬਿਆਨ ਕਰਦੇ ਹੋਏ ਕਿਹਾ ਗੁਰੂ ਗੋਬਿੰਦ ਸਿੰਘ ਜੀ ਸਿੰਘਾਸਨ ਤੋਂ ਹੇਠਾਂ ਉਤਰ ਆਏ ਤੇ ਸਭਨਾਂ ਦੇ ਵੇਖਦੇ-ਵੇਖਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ। ਹੁਣ ਜੱਟ, ਗੈਰ-ਜੱਟ, ਉੱਚੇ-ਨੀਵੇਂ ਗੁਰੂ ਚੇਲੇ ਦਾ ਕੋਈ ਅੰਤਰ ਨਹੀਂ ਰਿਹਾ:
ਉਤਰ ਸਿੰਘਾਸਨ ਜੁਗ ਕਰ ਜੋਰੀ।
ਅੰਮ੍ਰਿਤ ਲੇਤ ਆਪ ਸੁਖ ਗੋਰੀ।
ਬੈਸ ਸੂਦਰ ਏ ਜਾਟ ਅਪਾਰਾ।
ਤਾ ਕੋ ਪੰਥ ਮਾਹ ਮੈ ਧਾਰਾ।
ਸਭ ਜਗ ਰਾਜ ਤੋਹਿ ਕੋ ਦੀਨਾ।
ਪੁੰਨ ਬਿਧਿ ਸੋ ਤੁਮ ਦੋ ਗੁਰ ਕੀਨਾ।
(ਗੁਰ ਸੋਭਾ)
ਇਹ ਨਿਮਰਤਾ ਭਰੇ ਬਚਨ ਸੁਣ ਕੇ ਪੰਜ ਪਿਆਰੇ ਚੁੱਪ ਹੋ ਗਏ। ਬਾਅਦ ਵਿਚ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਨੇ ਕਿਹਾ ਕਿ ਪਾਤਸ਼ਾਹ ਤੁਹਾਡੇ ਚਰਨਾਂ ਕਰਕੇ ਅਸੀਂ ਇਹ ਮਰਤਬਾ ਪ੍ਰਾਪਤ ਕੀਤਾ ਹੈ। ਇਹ ਅਸੀਂ ਕਿਵੇਂ ਕਰੀਏ। ਗੁਰੂ-ਚੇਲੇ ਦੀ ਵਿੱਥ ਮਿਟਾਉਣ ਵਾਲੇ ਪਾਤਸ਼ਾਹ ਨੇ ਕਿਹਾ : ਸਾਵਧਾਨ ਹੋ ਕੇ ਅੰਮ੍ਰਿਤ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ ਸੰਸਾ ਨਾ ਕਰਉ ਇਹ ਪੰਥ ਵਾਹਿਗੁਰੂ ਨੇ ਸਾਜਿਆ ਹੈ। ਮੈਂ ਵੀ ਉਸਦਾ ਇਕ ਨਿਮਾਣਾ ਜਿਹਾ ਸੇਵਕ ਹਾਂ। ਸਾਵਧਾਨ ਹੋ ਕੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ। ਮੈਨੂੰ ਵੀ ਅੰਮ੍ਰਿਤ ਉਸੇ ਤਰ੍ਹਾਂ ਪਾਣ ਕਰਾਉ ਜਿਵੇਂ ਤੁਸੀਂ ਛਕਿਆ ਹੈ। ਆਪਣੇ ਨਾਲ ਰਲਾ ਕੇ ਮੇਰੇ ਤੇ ਵੀ ਖਾਲਸਾ ਹੋਣ ਦੀ ਮੋਹਰ ਲਗਾਉ। ਜਿਵੇਂ ਗੁਰੂ ਤੇਗ ਬਹਾਦਰ ਜੀ ਤੇ ਮੇਰੇ ਵਿਚ ਅੰਤਰ ਨਹੀਂ ਤੁਹਾਡੇ ਅਤੇ ਮੇਰੇ ਵਿਚ ਵੀ ਕੋਈ ਫਰਕ ਨਹੀਂ ਹੈ:
ਜਾ ਵਿਧਿ ਅੰਮ੍ਰਿਤ ਤੁਮ ਗੁਰ ਪਾਯੋ।
ਤੈਸੇ ਮੋਹਿ ਮਿਲਾਯੋ ਭਾਯੋ।
ਓਤ ਪੋਤ ਗੁਰ ਸਿਖ ਜਦ ਜਾਨੋ।
ਜੈਸੇ ਨੋਮ ਗੁਰ ਸੰਗ ਸੋ ਮਾਨੋ।
(ਗੁਰ ਬਿਲਾਸ ਪਾਤਸ਼ਾਹੀ ਦਸਵੀਂ)
ਇਸ ਪਾਵਨ ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਹਿਮਦ ਸ਼ਾਹ ਬਟਾਲਵੀ ਜੋ ਔਰੰਗਜੇਬ ਦਾ ਖਬਰ-ਨਵੀਸ ਸੀ, ਉਹ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕਰਦਾ ਹੋਇਆ ਲਿਖਦਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫ਼ੁਰਮਾਇਆ, ਉਮੈ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਹ ਉੱਤੇ ਚੱਲੋ ਇਕੋ ਧਰਮ ਅਪਣਾਉ, ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ। ਜੜ੍ਹੋਂ ਹੀ ਮੁਕਾ ਦਿਓ ਅਤੇ ਇਕ ਦੂਜੇ ਨਾਲ ਖੁੱਲ੍ਹ ਕੇ ਮਿਲੋ। ਕੋਈ ਇਕ ਦੂਜੇ ਨਾਲੋਂ ਆਪਣੇ ਆਪ ਨੂੰ ਉੱਚਾ ਜਾਂ ਵੱਡਾ ਨਾ ਸਮਝੇ ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀਂ। ਸਿਰਫ ਗੁਰੂ ਨਾਨਕ ਅਤੇ ਬਾਕੀ ਗੁਰੂਆਂ 'ਤੇ ਵਿਸ਼ਵਾਸ ਲਿਆਉ, ਸਾਰੇ ਇਕੋ ਖੰਡੇ ਬਾਟੇ ਵਿੱਚੋਂ ਅੰਮ੍ਰਿਤ ਛਕੋ ਅਤੇ ਇਕ ਦੂਜੇ ਨੂੰ ਪਿਆਰ ਕਰੋ।' ਫਿਰ ਆਪ ਜੀ ਨੇ ਰਹਿਤ ਮਰਿਆਦਾ ਦ੍ਰਿੜ੍ਹ ਕਰਵਾਈ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ:
ਕਰ ਅਰਦਾਸ ਰਹਤ ਕੀ ਭਲੇ। ਪੰਚਾਮ੍ਰਿਤ ਅਡਿ ਪਾਚਉ ਮਿਲੇ।
ਜਾਤ ਪਾਤ ਕੋ ਭੇਦ ਨ ਕੋਈ। ਚਾਰ ਬਰਨ ਅਚਵਹਿ ਇਕ ਹੋਈ।
ਮਤਿ ਊਚੀ ਰਾਖਹੁ ਮਨ ਨੀਵਾਂ। ਸਿਮਰਹੁ ਵਾਹਿਗੁਰੂ ਸੁਖ ਸੀਵਾਂ।ਗੌਰ ਮੜ੍ਹੀ ਅਰ ਪੰਥ ਅਨੇਕਾਂ। ਆਨ ਨ ਮਾਨਹਿ ਰਾਖ ਵਿਵੇਕਾ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਤੇ ਅਨੇਕਾਂ ਬਖਸ਼ਿਸ਼ਾਂ ਕਰਦਿਆਂ ਫ਼ੁਰਮਾਇਆ ਕਿ ਖਾਲਸਾ ਅਕਾਲ ਪੁਰਖ ਦਾ ਤਸੱਵਰ ਅਤੇ ਸਰੂਪ ਹੈ। ਸਹੀ ਅਰਥਾਂ ਵਿਚ ਉਹ ਵਾਹਿਗੁਰੂ ਦਾ ਹੈ ਅਤੇ ਵਾਹਿਗੁਰੂ ਉਸ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਤੱਕ ਕਿਹਾ ਕਿ ਅੱਜ ਤੋਂ ਬਾਅਦ ਮੇਰਾ ਸਭ ਕੁਝ ਖਾਲਸੇ ਦਾ ਹੀ ਹੈ :
ਖਾਲਸਾ ਮੇਰਾ ਮੁਖ ਹੈ ਅੰਗਾ।
ਖਾਲਸੇ ਕੋ ਹਉ ਸਦ ਸਦ ਸੰਗਾ।
(ਸਰਬ ਲੋਹ ਗ੍ਰੰਥ)
ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਹੜਾ ਅਲੌਕਿਕ ਚਮਤਕਾਰ ਕੀਤਾ ਉਸ ਨੂੰ ਸਿਰਫ ਭਾਰਤ ਵਾਸੀਆਂ ਨੇ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਇਸ ਨੂੰ ਇਤਿਹਾਸਕ ਚਮਤਕਾਰ ਦੇ ਤੌਰ 'ਤੇ ਬੜੀ ਅਸਚਰਜਤਾ ਨਾਲ ਮਹਿਸੂਸ ਕੀਤਾ ਗਿਆ।
ਅੱਜ ਦੇ ਇਸ ਮੁਬਾਰਕ ਅਵਸਰ 'ਤੇ ਮੈਂ ਪ੍ਰਤੀਨਿਧ ਸਿੱਖ ਸੰਸਥਾ ਦੇ ਨਿਮਾਣੇ ਸੇਵਾਦਾਰ ਦੇ ਰੂਪ ਵਿਚ ਸੰਸਾਰ ਵਿਚ ਪਸਰੇ ਖਾਲਸਾ ਪੰਥ ਅਤੇ ਸੰਸਾਰ ਦੇ ਸਰਬੱਤ ਪ੍ਰਾਣੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ। ਇਹ ਅਵਸਰ ਸਾਡੇ ਲਈ ਆਤਮ-ਚਿੰਤਨ ਅਤੇ ਸਵੈ-ਪੜਚੋਲ ਦਾ ਵੀ ਹੈ। ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਸਿਧਾਂਤਕ ਤੇ ਵਿਚਾਰਧਾਰਾ ਦੇ ਰੂਪ ਵਿਚ ਸਾਡੇ ਪਾਸ ਅਮੀਰ ਵਿਰਾਸਤੀ ਖਜ਼ਾਨਾ ਜਿਸ ਦਾ ਵਿਸ਼ਵ ਦੇ ਧਾਰਮਿਕ ਇਤਿਹਾਸ ਵਿਚ ਕੋਈ ਸਾਨੀ ਨਹੀਂ ਅਤੇ ਫਿਰ ਸ਼ਾਨਾਮੱਤਾ ਸਾਡਾ ਇਤਿਹਾਸਕ ਪਿਛੋਕੜ ਵੀ ਹੈ। ਇਸ ਪਾਵਨ ਦਿਵਸ 'ਤੇ ਆਪਣੇ ਗੌਰਵਮਈ ਧਾਰਮਿਕ ਤੇ ਇਤਿਹਾਸਕ ਵਿਰਸੇ ਨੂੰ ਮਹਿਸੂਸ ਕਰਦਿਆਂ ਬਾਣੀ ਅਤੇ ਬਾਣੇ ਵਿਚ ਪ੍ਰਪੱਕ ਹੋ ਕੇ ਸਤਿਗੁਰ ਦੇ ਫੁਰਮਾਨਾਂ ਨੂੰ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ: ਰਹਿਣੀ ਰਹੈ ਸੋਈ ਸਿਖ ਮੇਰਾ ਤੂ ਸਾਹਿਬ ਮੈ ਉਸਕਾ ਚੇਰਾ।



ਗੁਰੂ ਜੀ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹੋਏ
ਗੁਰੂ ਪਰੰਪਰਾ ਦੀ ਸਿਖਰ ਦਾ ਪ੍ਰਗਟਾਅ


ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ 1699 ਈ: ਦੇ ਵਿਸਾਖੀ ਵਾਲੇ ਦਿਨ ਇਕ ਅਜਿਹੀ ਮਹਾਨ ਘਟਨਾ ਵਾਪਰੀ ਸੀ, ਜਿਸ ਨੇ ਸਦੀਆਂ ਤੋਂ ਵਹਿਣ ਵਿਚ ਵਹਿ ਰਹੇ ਭਾਰਤੀ ਇਤਿਹਾਸ ਦਾ ਰੁਖ਼ ਮੋੜ ਦਿੱਤਾ ਸੀ। ਇਤਿਹਾਸ ਦੇ ਪੰਨਿਆਂ ਵਿਚ ਇਸ ਦਿਨ 'ਤੇ ਪਹਿਲਾਂ ਦੇ ਭਾਰਤ ਅਤੇ ਬਾਅਦ ਦੇ ਭਾਰਤ ਵਿਚ ਜ਼ਮੀਨ-ਅਸਮਾਨ ਦਾ ਅੰਤਰ ਸਪੱਸ਼ਟ ਨਜ਼ਰ ਆਉਂਦਾ ਹੈ। ਇਸ ਇਤਿਹਾਸਕ ਘਟਨਾ ਬਾਰੇ ਇਥੇ ਕੁਝ ਉਚੇਚੇ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਜ਼ਿਹਨ ਵਿਚ ਆਉਂਦੀ ਹੈ, ਉਹ ਇਹ ਹੈ ਕਿ ਜੋ ਕੁਝ ਸ੍ਰੀ ਅਨੰਦਪੁਰ ਸਾਹਿਬ ਵਿਚ ਉਸ ਦਿਨ ਵਾਪਰਿਆ ਸੀ, ਉਸ ਦੇ ਪਿਛੋਕੜ ਵਿਚ ਸਮੁੱਚੀ ਗੁਰੂ-ਪਰੰਪਰਾ ਖੜ੍ਹੀ ਸੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਨਿਰੰਤਰਤਾ ਨਾਲ ਖਾਲਸਾ ਪੰਥ ਦੀ ਸਿਰਜਣਾ ਦਾ ਕਾਰਜ ਚਲ ਰਿਹਾ ਸੀ, ਜਿਸ ਨੂੰ ਅੰਤਿਮ ਛੋਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਦੇ ਮਾਰਗ ਨੂੰ ਹੀ ਜਥੇਬੰਦਕ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਸੀ।
ਦੋ ਗਵਾਹੀਆਂ ਕਾਫੀ ਹਨ ਇਸ ਤੱਥ ਦੀ ਪ੍ਰੋੜ੍ਹਤਾ ਕਰਨ ਲਈ। ਪਹਿਲੀ ਗੱਲ ਕਿ ਕੋਨੇ-ਕੋਨੇ ਤੋਂ ਚਲ ਕੇ ਆਏ, ਤਕਰੀਬਨ 80 ਹਜ਼ਾਰ ਬੰਦਿਆਂ ਦਾ ਇਸ ਮੌਕੇ 'ਤੇ ਅਨੰਦਪੁਰ ਸਾਹਿਬ ਪਹੁੰਚਣਾ ਇਸ ਗਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਤੋਂ ਬਾਅਦ ਸਮੁੱਚੀ ਗੁਰੂ ਪਰੰਪਰਾ ਦੇ ਯਤਨਾਂ ਦੁਆਰਾ ਸਿੱਖੀ ਦਾ ਪ੍ਰਸਾਰ ਪੂਰੇ ਹਿੰਦੁਸਤਾਨ ਵਿਚ ਹੋ ਚੁੱਕਾ ਸੀ। ਕੋਈ ਸ਼ੱਕ ਨਹੀਂ ਕਿ ਇਹ ਇਕੱਠ ਉਸੇ ਸਿੱਖੀ ਦਾ ਸੀ ਜਿਹੜੀ ਸਿੱਖੀ ਗੁਰੂ ਪਰੰਪਰਾ ਦੇ ਦੋ ਸਦੀਆਂ ਦੇ ਨਿਰੰਤਰ ਪ੍ਰਚਾਰ ਨਾਲ ਫੈਲਾਅ ਸੀ।
ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਿਰਾਂ ਦੀ ਮੰਗ ਸੰਗਤਾਂ ਦੇ ਇਕੱਠ ਵਿਚੋਂ ਪੂਰੀ ਹੋਈ, ਇਸ ਤੱਥ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਉਦੋਂ ਤੱਕ ਸਿੱਖ ਸਮਾਜ ਕੁਰਬਾਨੀ ਦਾ ਪਾਠ ਪੜ੍ਹ ਚੁੱਕਿਆ ਸੀ। ਸਪੱਸ਼ਟ ਹੈ ਕਿ ਜੋ ਕਰਿਸ਼ਮਾ ਵਿਹਾਰਕ ਰੂਪ ਵਿਚ 1699 ਦੀ ਵਿਸਾਖੀ ਨੂੰ ਵਾਪਰਿਆ, ਉਹ ਬੀਜ ਰੂਪ ਵਿਚ ਇਕ ਸਿਧਾਂਤ ਦੀ ਤਰ੍ਹਾਂ ਪਹਿਲਾਂ ਤੋਂ ਮੌਜੂਦ ਸੀ। ਮੇਰੀ ਤਾਂ ਮਾਨਤਾ ਹੈ ਕਿ ਜਿਹੜੀ ਪੰਜਾਂ ਪਿਆਰਿਆਂ ਦੀ ਸੰਸਥਾ ਨੂੰ ਗੁਰੂ ਗੋਬਿੰਦ ਸਿੰਘ ਨੇ ਅਦੁੱਤੀ ਵਿਧੀ ਰਾਹੀਂ ਲੋਕਾਂ ਦੇ ਸਨਮੁੱਖ ਪ੍ਰਗਟ ਕੀਤਾ ਸੀ, ਦਾ ਵਿਚਾਰਧਾਰਕ ਮੁੱਢ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਬੰਨ੍ਹਿਆ ਗਿਆ ਸੀ।
ਦੂਜੀ ਗੱਲ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਸ ਮਨੋਸਥਿਤੀ ਅਤੇ ਦ੍ਰਿੜ੍ਹ ਇਰਾਦੇ ਤੇ ਪ੍ਰਤੀਬੱਧਤਾ ਦੀ ਕਰ ਰਿਹਾ ਹਾਂ, ਜਿਹੜੀ ਖਾਲਸਾ ਦੀ ਸਿਰਜਣਾ ਪਿੱਛੇ ਕਾਰਜਸ਼ੀਲ ਸੀ। ਇਤਿਹਾਸਕ ਪ੍ਰਵਾਹ ਸਾਨੂੰ ਦੱਸਦਾ ਹੈ ਕਿ ਇਹ ਮਾਨਸਿਕਤਾ ਦਾ ਕੇਂਦਰੀ-ਬਿੰਦੂ ਸੀ, ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰਿਆਂ ਦੀ ਸ਼ਿਕਾਰ ਆਮ ਜਨਤਾ, ਜਿਸ ਨੂੰ ਭਾਰਤੀ ਸਮਾਜੀ ਵਿਵਸਥਾ ਨੇ ਪੈਰਾਂ ਥੱਲੇ ਰੌਂਦਿਆ ਹੋਇਆ ਸੀ, ਨੂੰ ਸੱਤਾ ਦੇ ਸਿੰਘਾਸਨ 'ਤੇ ਪਹੁੰਚਾਉਣਾ। ਉਨ੍ਹਾਂ ਦੀ ਪਾਤਸ਼ਾਹੀ ਸਥਾਪਿਤ ਕਰਨੀ, ਜਿਨ੍ਹਾਂ ਨੇ ਰਾਜਨੀਤਕ ਸੱਤਾ ਵਿਚ ਭਾਈਵਾਲੀ ਦਾ ਸੁਖ ਤਾਂ ਕੀ ਭੋਗਣਾ ਸੀ, ਕਦੇ ਸਮਾਜ ਵਿਚ ਸਮਾਨਤਾ ਦੇ ਅਹਿਸਾਸ ਦਾ ਸੁਖ ਵੀ ਨਹੀਂ ਸੀ ਭੋਗਿਆ। ਤਿਰਸਕਾਰ ਤੇ ਬੇਪਤੀ ਜਿਨ੍ਹਾਂ ਦੇ ਜੀਵਨ ਦੀ ਜ਼ਰੂਰੀ ਸ਼ਰਤ ਬਣ ਚੁੱਕੀ ਸੀ। ਆਪਣੇ ਨਾਲ ਹੋ ਰਹੇ ਅਨਿਆਂ ਨੂੰ ਜਿਨ੍ਹਾਂ ਆਪਣੀ ਕਿਸਮਤ ਤੇ ਰੱਬੀ ਇੱਛਾ ਮੰਨ ਲਿਆ ਸੀ। ਕੁਇਰ ਸਿੰਘ ਦੇ ਗੁਰ ਬਿਲਾਸ ਵਿਚ ਗੁਰੂ ਗੋਬਿੰਦ ਸਿੰਘ ਦੇ ਇਸ ਦ੍ਰਿੜ੍ਹ ਇਰਾਦੇ ਦਾ ਜ਼ਿਕਰ ਮਿਲਦਾ ਹੈ। ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਪ੍ਰਤਿਭਾ ਵਾਲੀ ਗੱਲ ਨਹੀਂ, ਮੇਰਾ ਇਰਾਦਾ ਤਾਂ ਚਿੜੀਆਂ ਪਾਸੋਂ ਬਾਜ ਤੁੜਾਉਣ ਦਾ ਹੈ :
ਮੈ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ॥
ਚਿੜੀਅਨ ਬਾਜ ਤੁਰਾਯ ਹੋ ਸਸੇ ਕਰੋ ਸਿੰਘ ਸਾਮ॥
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭੁਤਾ ਕਛੁ ਨਾਹ॥
ਤਾਤੈ ਕਾਜ ਕੀਓ ਇਹੈ ਬਾਜ ਹਨੈ ਚਿੜੀਆਹ॥
ਪਰ ਭਾਰਤੀ ਸਮਾਜ ਦੀ ਬਦਕਿਸਮਤੀ ਇਹ ਸੀ ਕਿ ਉਹ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਸੀ ਅਤੇ ਉਸ ਨੂੰ ਇਹ ਗੁਲਾਮੀ ਓਪਰੀ ਨਹੀਂ ਸੀ ਜਾਪਦੀ। ਸ਼ਾਇਦ ਇਸ ਲਈ ਕਿ ਸਰੀਰ ਦੇ ਮੋਹ ਤੇ ਪਦਾਰਥਕ ਸੁਖਾਂ ਦੀ ਤ੍ਰਿਸ਼ਨਾ ਕਾਰਨ ਉਸ ਦੀ ਆਤਮਾ ਮਰ ਚੁੱਕੀ ਸੀ। ਦਰਅਸਲ, ਸਰੀਰ ਦੇ ਮੋਹ ਕਾਰਨ ਮਨੁੱਖ ਗੁਲਾਮੀ ਸਹਿੰਦਾ ਹੈ, ਮਜ਼ਲੂਮ ਬਣ ਕੇ ਤਰਸਯੋਗ ਹਾਲਾਤ ਵਿਚ ਜਿਊਂਦਾ ਹੈ, ਸ਼ੋਸ਼ਣ ਦਾ ਕਸ਼ਟ ਭੋਗਦਾ ਹੈ। ਧਰਮ, ਭਾਸ਼ਾ ਤੇ ਸੱਭਿਆਚਾਰ ਦੀ ਬਲੀ ਦੇ ਕੇ ਆਪਣੇ ਸਰੀਰ ਦੇ ਸੁਖ ਦੇ ਸਾਧਨ ਜੁਟਾਉਂਦਾ ਹੈ। ਐਸੀ ਸਥਿਤੀ ਵਿਚ ਗੁਰੂ ਪਰੰਪਰਾ ਨੇ ਸੇਧ ਦਿੱਤੀ ਸੀ ਕਿ ਜੇ ਆਪਾ ਵਾਰਨ ਦੀ ਜਾਚ ਤੇ ਸਮਰੱਥਾ ਆ ਜਾਵੇ ਤਾਂ ਅਣਖ ਨਾਲ ਜਿਊਣਾ ਵੀ ਆ ਜਾਂਦਾ ਹੈ। ਰੋਜ਼ ਮਰਨ ਨਾਲੋਂ ਇਕ ਵਾਰ ਮਰਨਾ ਕਿਤੇ ਚੰਗਾ ਹੈ। ਇਸ ਤਰ੍ਹਾਂ ਦਾ ਇਕ ਵਾਰ ਮਰਨਾ ਸਦੀਵੀ ਜੀਵਨ ਬਣ ਜਾਂਦਾ ਹੈ ਅਤੇ ਹਜ਼ਾਰਾਂ ਲੱਖਾਂ ਹੋਰਨਾਂ ਨੂੰ ਸੁਤੰਤਰ ਜ਼ਿੰਦਗੀ ਦੇ ਜਾਂਦਾ ਹੈ। ਇਹੋ ਸਾਰ-ਤੱਤ ਸੀ ਵਿਸਾਖੀ ਵਾਲੇ ਦਿਨ ਪੰਜ ਸਿਰਾਂ ਦੀ ਮੰਗ ਕਰਕੇ ਖਾਲਸਾ ਪੰਥ ਦੀ ਸਿਰਜਣਾ ਵਾਲੀ ਘਟਨਾ ਦਾ।
ਇਕ ਹੋਰ ਗੱਲ। ਖਾਲਸਾ ਕੌਣ ਹੈ, ਕੀ ਪਰਿਭਾਸ਼ਾ ਹੈ ਖਾਲਸੇ ਦੀ? ਇਹ ਸਵਾਲ ਵੀ ਬਹੁਤ ਅਹਿਮ ਹੈ। ਸਾਡੀ ਇਕ ਰਵਾਇਤੀ ਲਿਖਤ 'ਪ੍ਰੇਮ ਸੁਮਾਰਗ ਗ੍ਰੰਥ' ਵਿਚ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਬੜੇ ਢੁਕਵੇਂ ਅੰਦਾਜ਼ ਵਿਚ ਕੀਤਾ ਗਿਆ ਹੈ। ਲਿਖਤ ਦੀਆਂ ਸਤਰਾਂ ਇਸ ਤਰ੍ਹਾਂ ਹਨ:
'ਸੋ ਕਉਨ ਖਾਲਸਾ ਹੈਨਿ?
ਜਿਨ੍ਹੀ ਕਿਨ੍ਹੀਂ ਆਪਣਾ ਤਨੁ ਮਨੁ ਧਨੁ
ਗੁਰੂ ਸ੍ਰੀ ਅਕਾਲ ਪੁਰਖ ਦੀ ਕਓ ਸਓਪਿਆ ਹੈ॥
ਕਿਸੀ ਬਾਤ ਦਾ ਉਨ ਕਓ ਹਰਖ ਸੋਗ ਨਾਹੀ॥
ਪਰ ਕਿਸੀ ਦੀ ਆਸਾ ਨਹੀਂ ਕਰਤੇ॥
ਅਰ ਇੰਦ੍ਰੀਆਂ ਆਪਣੀਆਂ ਕਓ ਜੀਤ ਬੈਠੇ ਹੈਨਿ॥
ਅਰ ਚਿਤਨਵੀ ਆਪਨੀ ਕਓ
ਸ੍ਰੀ ਅਕਾਲ ਪੁਰਖ ਜੀ ਦੇ ਚਰਨਾਬਿੰਦ ਬਿਖੈ ਰਖਿਆ ਹੈ॥'
ਖਾਲਸਾ ਹੋ ਜਾਣ ਲਈ ਕਿਹੜੇ ਗੁਣ ਜ਼ਰੂਰੀ ਹਨ, ਇਸ ਦਾ ਖੁਲਾਸਾ ਵੀ ਇਸ ਗ੍ਰੰਥ ਦੇ ਰਚਨਾਕਾਰ ਨੇ ਬੜੇ ਖੂਬਸੂਰਤ ਲਫ਼ਜ਼ਾਂ ਵਿਚ ਕੀਤਾ ਹੈ-ਖਾਲਸਾ ਉਹ ਹੈ ਜਿਹੜਾ 'ਲੋਭ ਨ ਕਰੈ; ਅਹੰਕਾਰ ਨ ਕਰੈ; ਬਹੁਤ ਮੋਹ ਨ ਕਰੈ; ਨਿੰਦਿਆ ਨ ਕਰੈ; ਅਰੁ ਅਸੁੱਭ ਭੀ ਨ ਬੋਲੈ। ਅਰੁ ਐਸਾ ਸੱਤ ਭੀ ਨ ਬੋਲੈ; ਜੋ ਕਿਸੈ ਦਾ ਬੁਰਾ ਹੁੰਦਾ ਹੋਵੈ। ਅਰੁ ਜੋ ਕਿਛੁ ਕਰੈ, ਸੁਮਤਿ ਹੀ ਕਰੈ। ਦੁਖਾਵੈ ਕਿਸੇ ਕੇ ਨਾਹੀ। ਮੁਖ ਤੇ ਮਿੱਠਾ ਬੋਲੈ। ਜੇ ਕੋਈ ਬੁਰਾ ਭਲਾ ਕਹੈ, ਮਨ ਬਿਖੈ ਲਿਆਵੈ ਨਾਹੀਂ। ਭਾਵੇਂ ਕੋਈ ਆਦਰੁ ਕਰੈ, ਭਾਵੈਂ ਕੋਈ ਅਨਾਦਰੁ ਕਰੇ; ਹਰਖ ਸੋਗ ਕਿਸੀ ਬਾਤ ਕਾ ਨਾ ਕਰੈ। ਪਰਾਏ ਦਰਬ ਕਉ ਅੰਗੀਕਾਰੁ ਨ ਕਰੈ। ਧਰਮ ਕੀ ਕਿਰਤਿ ਕਰ ਖਾਇ। ਦਾਤਾ ਗੁਰੁ ਬਾਬਾ ਅਕਾਲ ਪੁਰਖੁ ਹੈ; ਹੋਰਤਿ ਕਿਤੈ ਵਲਿ ਦੇਖੈ ਨਾਹੀ। ਮਟ, ਮੜ੍ਹੀ, ਦੇਵੀ, ਦੇਵਤਾ, ਬੁਤ, ਤੀਰਥ, ਬਰਤ, ਪੂਜਾ-ਅਰਚਾ, ਮੰਤ੍ਰ, ਜੰਤ੍ਰ ਪੀਰ ਪੁਰਸ਼, ਬ੍ਰਾਹਮਣ, ਪੁੱਛਿ ਨ ਲੇਵੈ। ਤਰਪਣ ਗਾਇਤ੍ਰੀ ਸੰਧਿਆ ਹੋਰਤਿ ਕਿਤੈ ਵਲਿ ਦੇਖੈ ਨਾਹੀ। ਮਨ ਆਪਣਾ ਸ੍ਰੀ ਅਕਾਲ ਪੁਰਖੁ ਜੀ ਕੇ ਚਰਨਾਬਿੰਦ ਬਿਖੈ ਰਖੈ।'
ਕਵੀ ਸੈਨਾਪਤੀ ਅਨੁਸਾਰ ਖਾਲਸਾ ਉਹ ਹੈ ਜਿਸ ਦੇ ਹਿਰਦੇ ਵਿਚ ਕਿਸੇ ਕਿਸਮ ਦਾ ਭਰਮ ਨਹੀਂ। ਭਰਮ ਭੇਖ ਤੋਂ ਨਿਆਰਾ ਵਿਅਕਤੀ ਹੀ ਖਾਲਸਾ ਅਖਵਾ ਸਕਦਾ ਹੈ:
ਖਾਲਸਾ ਖਾਸ ਕਹਾਵੈ ਸੋਈ, ਜਾ ਕੈ ਹਿਰਦੈ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ।
ਭਾਈ ਨੰਦ ਲਾਲ ਦੇ 'ਤਨਖ਼ਾਹਨਾਮਾ' ਵਿਚ ਖਾਲਸੇ ਦੇ ਗੁਣਾਂ ਦੀ ਇਕ ਲੰਮੀ ਫੈਰਿਸਤ ਦਿੱਤੀ ਹੋਈ ਹੈ। ਮਿਸਾਲ ਵਜੋਂ ਨਿੰਦਾ ਦਾ ਤਿਆਗ ਕਰਨ ਵਾਲਾ, ਰਣ ਭੂਮੀ ਵਿਚ ਲੜ ਮਰਨ ਵਾਲਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰ ਮੁਕਾਉਣ ਵਾਲਾ, ਭਰਮਾਂ-ਵਹਿਮਾਂ ਦਾ ਨਾਸ ਕਰਨ ਵਾਲਾ ਖਾਲਸਾ ਹੈ :
ਖਾਲਸਾ ਸੋਇ ਜੋ ਨਿੰਦਾ ਤਿਆਗੈ।
ਖਾਲਸਾ ਸੋਇ ਲੜੈ ਹੋਇ ਆਗੈ।
ਖਾਲਸਾ ਸੋਇ ਪੰਚ ਕਉ ਮਾਰੈ।
ਖਾਲਸਾ ਸੋਇ ਭਰਮ ਕਉ ਸਾੜੈ।
ਇਸ ਤਰ੍ਹਾਂ ਸਪਸ਼ਟ ਹੈ ਕਿ ਜੇ ਇਤਿਹਾਸਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਸਾਰੀ ਗੁਰੂ ਪਰੰਪਰਾ ਪੂਰੀ ਸਰਗਰਮੀ ਨਾਲ ਖਾਲਸਾ ਪੰਥ ਦੀ ਸਿਰਜਨਾ ਦੀ ਪ੍ਰਕ੍ਰਿਆ ਵਿਚ ਸ਼ਾਮਿਲ ਸੀ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਦ੍ਰਿੜ੍ਹ ਨਿਸਚਾ ਕਰ ਲਿਆ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਖਾਲਸਾ ਪੰਥ ਦੇ ਜਥੇਬੰਦਕ ਰੂਪ ਵਿਚ ਪ੍ਰਗਟ ਕਰਨਗੇ। ਇਸੇ ਦਾ ਨਤੀਜਾ ਸੀ ਕਿ 1699 ਦੀ ਵਿਸਾਖੀ ਤੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ, ਸਿੱਖੀ ਦੇ ਬੁਨਿਆਦੀ ਅਸੂਲਾਂ ਅਤੇ ਸਿਧਾਤਾਂ ਉਪਰ ਵਿਸ਼ਵਾਸ ਰੱਖਣ ਵਾਲਾ, ਭਰਮ-ਭੇਖ ਤੋਂ ਨਿਆਰਾ ਰਹਿ ਕੇ ਆਪਣੇ ਚਿਤ ਨੂੰ ਹਮੇਸ਼ਾ ਅਕਾਲ ਪੁਰਖ ਦੇ ਚਰਨਾਂ ਵਿਚ ਟਿਕਾ ਕੇ ਵਿਲੱਖਣ ਜੀਵਨ ਜਿਊਣ ਵਾਲਾ, ਇਨਕਲਾਬੀ, ਮਰਜੀਵੜਾ, ਖ਼ੁਦਮੁਖ਼ਤਿਆਰ ਖਾਲਸਾ ਪੰਥ ਹੋਂਦ ਵਿਚ ਆਇਆ।




ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਦਾ ਇਕ ਦ੍ਰਿਸ਼
ਵਿਸਾਖੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ
ਭਾਈ ਮਨੀ ਸਿੰਘ ਪਾਸੋਂ ਬਾਣੀ ਦਰਜ ਕਰਵਾਉਂਦੇ ਹੋਏ।
ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ। ਇਸ ਵਿਚ ਕਈ ਤਰ੍ਹਾਂ ਦੇ ਮੇਲੇ ਲੱਗਦੇ ਹਨ। ਇਥੇ ਹਰ ਮਹੀਨੇ ਕੋਈ ਨਾ ਕੋਈ ਮੇਲਾ ਜਾਂ ਤਿਉਹਾਰ ਮਨਾਇਆ ਜਾਂਦਾ ਹੈ। ਮੇਲਿਆਂ ਦਾ ਸੰਬੰਧ ਸਾਡੇ ਸੱਭਿਆਚਾਰ, ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਹੈ, ਸੋ ਮੇਲੇ ਕਈ ਤਰ੍ਹਾਂ ਦੇ ਹਨ। ਰੁੱਤਾਂ ਨਾਲ ਸਬੰਧਤ ਮੇਲਿਆਂ ਵਿਚੋਂ ਇਕ ਵਿਸਾਖੀ ਦਾ ਮੇਲਾ ਹੈ, ਜੋ ਕਾਫੀ ਪ੍ਰਸਿੱਧ ਹੈ।
ਚੜ੍ਹੇ ਵਿਸਾਖ ਵਿਸਾਖੀ ਆਈ,
ਮੇਲਾ ਵੇਖਣ ਤੁਰੀ ਲੁਕਾਈ,
ਇਹ ਪਵਿੱਤਰ ਪੁਰਬ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਕਰਕੇ ਇਸ ਨੂੰ ਵਿਸਾਖੀ ਆਖਿਆ ਜਾਂਦਾ ਹੈ। ਇਸ ਮਹੀਨੇ ਵਿਚ ਹਾੜ੍ਹੀ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਸੋਨੇ ਰੰਗੀਆਂ ਫ਼ਸਲਾਂ ਨੂੰ ਦੇਖ ਕੇ ਕਿਸਾਨ ਖੁਸ਼ੀ ਵਿਚ ਨੱਚ ਉੱਠਦਾ ਹੈ। ਇਸ ਦਿਨ ਕਿਸਾਨ ਆਪਣੀ ਹਾੜ੍ਹੀ ਦੀ ਫ਼ਸਲ ਦੀ ਕਟਾਈ ਅਰੰਭ ਕਰਦੇ ਹਨ। ਇਸ ਦਿਨ ਕਣਕਾਂ ਨੂੰ ਦਾਤੀ ਪੈਂਦੀ ਹੈ। ਇਸ ਸੰਦਰਭ ਵਿਚ ਹੀ ਆਖਿਆ ਜਾਂਦਾ ਹੈ।
ਓਏ ਜੱਟਾਂ ਆਈ ਵਿਸਾਖੀ, ਕਣਕਾਂ ਦੀ ਮੁੱਕ ਗਈ ਰਾਖੀ।
ਲਾਲਾ ਧਨੀ ਰਾਮ ਚਾਤ੍ਰਿਕ ਇਸ ਮੇਲੇ ਦੇ ਆਗਮਨ ਨੂੰ ਆਪਣੀ ਕਵਿਤਾ ਵਿਸਾਖੀ ਦਾ ਮੇਲਾ ਵਿਚ ਲਿਖਦਾ ਇਸ ਤਰ੍ਹਾਂ ਪੇਸ਼ ਕਰਦਾ ਹੈ :
ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ।
ਪੁੰਗਰੀਆਂ ਵੇਲਾਂ, ਵੇਲ ਰੁੱਖਾਂ ਚੜ੍ਹੀਆਂ,
ਫੁੱਲਾਂ ਹੇਠ ਫਲਾਂ ਨੇ ਪਰੋਈਆਂ ਲੜੀਆਂ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
ਇਸ ਦਿਨ ਦੀ ਇਤਿਹਾਸਕ ਮਹਾਨਤਾ ਹੈ ਕਿ ਇਸ ਦਿਨ ਰਾਜਾ ਬਿਕਰਮਜੀਤ ਨੇ ਬਿਕਰਮੀ ਸੰਮਤ ਚਲਾਇਆ ਸੀ। ਸਿੱਖ ਇਤਿਹਾਸ ਵਿਚ ਇਸ ਦਿਨ ਦੀ ਖਾਸ ਮਹਾਨਤਾ ਹੈ। ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸਾ ਪੰਥ ਦੀ ਸਾਜਨਾ ਨਾਲ ਮੁਗਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਸਨ। ਇਸੇ ਦਿਨ ਹੀ ਭਾਰਤ ਦੇ ਆਜ਼ਾਦੀ ਦੇ ਇਤਿਹਾਸ ਵਿਚ ਇਕ ਇਤਿਹਾਸਕ ਘਟਨਾ ਜੁੜੀ ਹੋਈ ਹੈ। ਇਸ ਦਿਨ ਹੀ 13 ਅਪ੍ਰੈਲ 1919 ਨੂੰ ਅੰਗਰੇਜ਼ ਜਨਰਲ ਡਾਇਰ ਨੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਸ ਤਰ੍ਹਾਂ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿਚ ਕਿਹਾ ਜਾਂਦਾ ਹੈ 'ਦਾਲ ਰੋਟੀ ਘਰ ਦੀ ਦੀਵਾਲੀ ਅੰਬਰਸਰ ਦੀ', ਜਿਵੇਂ ਅਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਪ੍ਰਸਿੱਧ ਹੈ, ਇਸੇ ਤਰ੍ਹਾਂ ਪੰਜਾਬ ਵਿਚ ਤਲਵੰਡੀ ਸਾਬੋ ਦੀ ਵਿਸਾਖੀ ਮਸ਼ਹੂਰ ਹੈ। ਇਸ ਦਿਨ ਦੂਰੋਂ-ਦੂਰੋਂ ਲੋਕ ਤਲਵੰਡੀ ਸਾਬੋ ਦੀ ਵਿਸਾਖੀ ਦੇਖਣ ਲਈ ਆਉਂਦੇ ਹਨ। ਇਸ ਦਿਨ ਟੀ. ਵੀ. ਉਤੇ ਇਸ ਦਾ ਸਿੱਧਾ ਪ੍ਰਸਾਰਨ ਵੀ ਕੀਤਾ ਜਾਂਦਾ ਹੈ।
ਤਲਵੰਡੀ ਸਾਬੋ ਬਠਿੰਡਾ ਸ਼ਹਿਰ ਤੋਂ 30 ਕੁ ਕਿਲੋਮੀਟਰ 'ਤੇ ਵਸਿਆ ਇਕ ਇਤਿਹਾਸਕ ਕਸਬਾ ਹੈ। ਇਹ ਖਾਲਸਾ ਪੰਥ ਦੇ ਪੰਜ ਤਖ਼ਤਾਂ ਵਿਚੋਂ ਇਕ ਹੈ। ਇਸ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਕਿਹਾ ਜਾਦਾ ਹੈ। ਇਸ ਧਰਤੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਾਹਦਰ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਨੌਂ ਕੁ ਮਹੀਨੇ ਇਥੇ ਠਹਿਰੇ ਸਨ। ਇਕ ਦਿਨ ਲਾਹੌਰ ਦਾ ਰਹਿਣ ਵਾਲਾ ਮਿਸਤਰੀ ਉਦੇ ਸਿੰਘ ਆਪਣੇ ਹੱਥ ਦੀ ਬਣੀ ਬੰਦੂਕ ਗੁਰੂ ਜੀ ਨੂੰ ਭੇਟ ਕਰਨ ਲਈ ਆਇਆ ਤੇ ਗੁਰੂ ਜੀ ਨੇ ਪਰਖ਼ ਕਰਨ ਲਈ ਨਿਸ਼ਾਨਾ ਸਾਧਿਆ। ਇਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਇਸ ਬੰਦੂਕ ਦਾ ਨਿਸ਼ਾਨਾ ਦੇਖਣਾ ਹੈ, ਹੈ ਕੋਈ ਜੋ ਮੇਰਾ ਨਿਸ਼ਾਨਾ ਬਣੇ? ਤਦ ਭਾਈ ਡੱਲੇ ਦਾ ਕੋਈ ਸੈਨਿਕ ਅੱਗੇ ਨਾ ਆਇਆ ਪਰ ਸਿੱਖ ਸੰਗਤਾਂ ਵਿਚੋਂ ਦੋ ਪਿਉ-ਪੁੱਤ ਬੀਰ ਸਿੰਘ ਅਤੇ ਧੀਰ ਸਿੰਘ ਛਾਤੀਆਂ ਤਾਣ ਕੇ ਖਲੋ ਗਏ। ਗੁਰੂ ਜੀ ਨੇ ਗੋਲੀ ਉਪਰੋਂ ਦੀ ਲੰਘਾ ਦਿੱਤੀ। ਇਸ ਤਰ੍ਹਾਂ ਉਨ੍ਹਾਂ ਨੇ ਡੱਲੇ ਦਾ ਮਾਣ ਤੋੜਿਆ ਅਤੇ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਾਜਿਆ। ਇਸੇ ਦੌਰਾਨ ਹੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਭਾਈ ਮਨੀ ਸਿੰਘ ਦਿੱਲੀ ਤੋਂ ਲੈ ਕੇ ਤਲਵੰਡੀ ਸਾਬੋ ਪੁੱਜੇ ਤਾਂ ਮਾਤਾ ਸਾਹਿਬਾਨ ਨੇ ਪੁੱਛਿਆ ਕਿ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ? ਤਾਂ ਗੁਰੂ ਜੀ ਨੇ ਧੀਰਜ ਦਿੰਦਿਆਂ ਸਿੱਖ ਸੰਗਤਾਂ ਵੱਲ ਇਸ਼ਾਰਾ ਕਰਕੇ ਫ਼ਰਮਾਇਆ ਕਿ 'ਇਨ ਪੁਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਾਜ਼ਰ।'
ਇਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਵਾਇਆ, ਜਿਸ ਨੂੰ ਸਿੱਖ ਸੰਗਤਾਂ ਵਿਚ ਦਮਦਮੇ ਵਾਲਾ ਸਰੂਪ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਜਾਣ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਜਥੇਦਾਰ ਵਜੋਂ ਬਾਬਾ ਦੀਪ ਸਿੰਘ ਨੂੰ ਸੌਂਪੀ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਇਸ ਤਖ਼ਤ ਦੇ ਪਹਿਲੇ ਜਥੇਦਾਰ ਬਣੇ। ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਵਾਲੀ ਪਾਵਨ ਬੀੜ ਦੇ ਚਾਰ ਉਤਾਰੇ ਕਰਵਾਏ, ਜੋ ਬਾਅਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਜੇ ਗਏ। ਬਾਬਾ ਦੀਪ ਸਿੰਘ ਦੀ ਯਾਦ ਨਾਲ ਜੁੜੀਆਂ ਵਸਤਾਂ ਵਿਚ ਭੋਰਾ ਤੇ ਬੁਰਜ ਅੱਜ ਵੀ ਇਥੇ ਮੌਜੂਦ ਹਨ। ਤਲਵੰਡੀ ਸਾਬੋ ਵਿਖੇ 11 ਗੁਰਦੁਆਰੇ ਬਣੇ ਹੋਏ ਹਨ, ਜਿਨ੍ਹਾਂ ਦੀ ਆਪਣੀ-ਆਪਣੀ ਇਤਿਹਾਸਕ ਮਹੱਤਤਾ ਹੈ। ਵਿੱਦਿਅਕ ਪੱਖ ਤੋਂ ਗੁਰਦੁਆਰਾ ਜੰਡ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ 'ਗੁਰੂ ਕਾਂਸ਼ੀ' ਦੇ ਸੰਕਲਪ ਨੂੰ ਸਕਾਰ ਕਰਦਾ ਹੈ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਵਿਦਿਅਲਿਆ ਚਲਾਇਆ ਜਾ ਰਿਹਾ ਹੈ।
ਇਸ ਪਾਵਨ ਧਰਤੀ 'ਤੇ ਯੂਨੀਵਰਸਿਟੀ ਕੈਂਪਸ ਗੁਰੂ ਕਾਂਸ਼ੀ ਕਾਲਜ, ਗੁਰੂ ਗੋਬਿੰਦ ਸਿੰਘ ਗੁਰੂ ਕਾਂਸ਼ੀ ਯੂਨੀਵਰਸਿਟੀ ਅਤੇ ਅਕਾਲ ਅਕੈਡਮੀ ਯੂਨੀਵਰਸਿਟੀ, ਪੌਲੀਟੈਕਨਿਕ ਕਾਲਜ, ਯਾਦਵਿੰਦਰਾ ਕਾਲਜ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਸਫਲਤਾਪੂਰਵਕ ਚੱਲ ਰਹੇ ਹਨ। ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਕੁਝ ਦੁਰਲੱਭ ਵਸਤਾਂ ਵੀ ਮੌਜੂਦ ਹਨ, ਜਿਨ੍ਹਾਂ ਵਿਚ ਸ੍ਰੀ ਸਾਹਿਬ, ਪਾਤਸ਼ਾਹੀ ਦਸਵੀਂ, ਤੇਗਾ ਬਾਬਾ ਦੀਪ ਸਿੰਘ ਜੀ, ਬੰਦੂਕ ਪਾਤਸ਼ਾਹੀ ਦਸਵੀਂ (ਨਿਸ਼ਾਨੇ ਵਾਲੀ) ਮੋਹਰ ਤਖ਼ਤ ਸਾਹਿਬ, ਸ਼ੀਸ਼ਾ ਦਸਮ ਪਾਤਸ਼ਾਹ ਜੀ ਦਾ, ਇਸ ਤੋਂ ਇਲਾਵਾ ਭਾਈ ਢੱਲ ਸਿੰਘ ਦੀ ਹਵੇਲੀ 'ਚ ਦੋ ਦਸਤਾਰਾਂ ਪਾਤਸ਼ਾਹੀ ਦਸਵੀਂ, ਇਕ ਚੋਲਾ, ਇਕ ਪਜ਼ਾਮਾ, ਇਕ ਬਾਜ਼ ਦੀ ਫੋਰ, ਢਾਲ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਨ, ਸੰਭਾਲੀਆਂ ਹੋਈਆਂ ਹਨ। ਮਾਤਾ ਸਾਹਿਬ ਕੌਰ ਦੇ ਵਸਤਰਾਂ ਤੋਂ ਇਲਾਵਾ ਇਸ ਹਵੇਲੀ ਅੰਦਰ ਇਕ ਛੋਟੀ ਜਿਹੀ ਪਾਵਨ ਬੀੜ ਹੈ, ਜੋ ਮਾਈਕਰੋਸਕੋਪ ਨਾਲ ਪੜ੍ਹੀ ਜਾ ਸਕਦੀ ਹੈ। 1993-94 ਵਿਚ ਉਸ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ, ਜਿਸ ਤਹਿਤ ਤਲਵੰਡੀ ਸਾਬੋ ਸ਼ਹਿਰ ਦੇ ਏਰੀਏ ਅੰਦਰ ਨਸ਼ੇ, ਸ਼ਰਾਬ, ਮੀਟ ਆਦਿ 'ਤੇ ਪੂਰਨ ਪਾਬੰਦੀ ਹੈ। 1706 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਹਜ਼ਾਰਾਂ ਸਿੱਖ ਸੰਗਤਾਂ ਨੂੰ ਇਸ ਅਸਥਾਨ 'ਤੇ ਅੰਮ੍ਰਿਤਪਾਨ ਕਰਵਾਇਆ ਸੀ। ਇਸ ਲਈ ਉਸ ਸਮੇਂ ਤੋਂ ਹੀ ਇਥੇ ਵਿਸਾਖੀ ਦਾ ਜੋੜ ਮੇਲਾ ਭਰਦਾ ਆ ਰਿਹਾ ਹੈ, ਜਿਥੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਤਖ਼ਤ ਸਾਹਿਬ 'ਤੇ ਮੱਥਾ ਟੇਕਦੇ ਹਨ।
ਅੱਜ ਵੀ ਵਿਸਾਖੀ ਵਾਲੇ ਦਿਨ ਸਿੱਖ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਂਦਾ ਹੈ। ਵਿਸਾਖੀ ਵਾਲੇ ਦਿਨ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਆਪੋ-ਅਪਣੀਆਂ ਸਿਆਸੀ ਕਾਨਫੰਰਸਾਂ ਕੀਤੀਆਂ ਜਾਂਦੀਆਂ ਹਨ। ਵਿਸਾਖੀ ਤੋਂ ਹਫਤਾ ਪਹਿਲਾਂ ਝੂਲੇ, ਚੰਡੋਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਇਹ ਤਰ੍ਹਾਂ-ਤਰ੍ਹਾਂ ਦੇ ਝੂਲੇ ਵਿਸਾਖੀ ਤੋਂ ਹਫ਼ਤਾ ਬਾਅਦ ਵੀ ਰਹਿੰਦੇ ਹਨ। ਇਨ੍ਹਾਂ ਝੂਲਿਆਂ 'ਤੇ ਬੱਚੇ, ਨੌਜਵਾਨ, ਮੁਟਿਆਰਾਂ ਝੂਟੇ ਲੈਂਦੇ ਹਨ। ਇਸ ਤੋਂ ਇਲਾਵਾ ਚੂੜੀਆਂ ਅਤੇ ਹੋਰ ਹਾਰ-ਸ਼ਿੰਗਾਰ ਦੇ ਸਾਮਾਨ ਦੇ ਬਾਜ਼ਾਰ ਲੱਗਦੇ ਹਨ।
ਇਸ ਪਾਵਨ ਧਰਤੀ 'ਤੇ ਵਿਸਾਖੀ ਦੇ ਮੇਲੇ ਵਾਲੇ ਦਿਨ ਸੰਗਤਾਂ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ ਅਤੇ ਦਰਬਾਰ ਸਾਹਿਬ ਮੱਥਾ ਟੇਕਦੀਆਂ ਹਨ। ਵੱਖ-ਵੱਖ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ। ਦਰਬਾਰ ਸਾਹਿਬ ਸਾਰਾ ਦਿਨ ਕੀਰਤਨ ਹੁੰਦਾ ਹੈ ਅਤੇ ਸੰਗਤਾਂ ਕੀਰਤਨ ਸਰਵਣ ਕਰਦੀਆਂ ਹਨ। ਵਿਸਾਖੀ ਤੋਂ ਅਗਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹੱਲਾ ਕੱਢਿਆ ਜਾਦਾ ਹੈ ਅਤੇ ਇਸ ਮਹੱਲੇ ਦੌਰਾਨ ਨਿਹੰਗ ਗਤਕੇ ਦੇ ਜੌਹਰ ਤੇ ਹੋਰ ਕਲਾਬਾਜ਼ੀਆਂ ਦਿਖਾਉਂਦੇ ਹਨ। ਜਿਥੇ ਮੇਲੇ ਸਾਡੀ ਧਾਰਮਿਕ ਤ੍ਰਿਪਤੀ ਕਰਦੇ ਹਨ, ਉਥੇ ਹੀ ਸਾਡੀ ਰੂਹ ਨੂੰ ਅਨੰਦ ਵੀ ਦਿੰਦੇ ਹਨ, ਇਸ ਲਈ ਕਿਹਾ ਜਾ ਸਕਦਾ ਹੈ ਕਿ ਮੇਲੇ ਸਾਡੀ ਜਿੰਦਜਾਨ ਹਨ ਅਤੇ ਇਹ ਸਾਡੇ ਜੀਵਨ ਦਾ ਅੰਗ ਹਨ। ਮੇਲੇ ਸਾਡਾ ਵਿਰਸਾ ਹਨ, ਇਨ੍ਹਾਂ ਵਿਚੋਂ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ ਅਤੇ ਪੰਜਾਬੀਅਤ ਝਲਕਾਂ ਮਾਰਦੀ ਹੈ।



ਜਲ੍ਹਿਆਂਵਾਲਾ ਬਾਗ ਵਿਖੇ ਲੱਗੇ ਕਰਫਿਊ ਦੀ ਇਤਿਹਾਸਕ ਤਸਵੀਰ
13 ਅਪ੍ਰੈਲ 1919 ਦੇ ਜਲਿਆਂਵਾਲਾ ਬਾਗ਼ ਕਾਂਡ ਨੂੰ ਵਾਪਰਿਆਂ ਅੱਜ ਪੂਰੇ 93 ਵਰ੍ਹੇ ਬੀਤ ਚੁੱਕੇ ਹਨ ਪਰ ਫਿਰ ਵੀ ਗਾਹੇ-ਬਗਾਹੇ ਉਸ ਖੂਨੀ ਸਾਕੇ ਨਾਲ ਸਬੰਧਤ ਕਈ ਅਜਿਹੇ ਸਵਾਲ ਉਠ ਖੜ੍ਹੇ ਹੁੰਦੇ ਹਨ। ਬਹੁਤ ਸਾਰੇ ਲੋਕ ਇਸ ਸੱਚ ਨੂੰ ਜਾਣਨ ਲਈ ਉਤਾਵਲੇ ਹਨ ਕਿ ਕੀ 13 ਅਪ੍ਰੈਲ ਦਾ ਉਹ ਖ਼ੂਨੀ ਸਾਕਾ ਟਾਲਿਆ ਨਹੀਂ ਸੀ ਜਾ ਸਕਦਾ?
ਅਸਲ ਵਿਚ ਅੰਗਰੇਜ਼ ਹਕੂਮਤ ਸੰਨ 1857 ਦੀ ਗ਼ਦਰ ਲਹਿਰ ਤੋਂ ਬਾਅਦ ਪੰਜਾਬ ਵਿਚ ਲਗਾਤਾਰ ਵਧ ਰਹੀ ਦੇਸ਼-ਭਗਤਾਂ ਦੀ ਗਿਣਤੀ ਤੋਂ ਬਹੁਤ ਚਿੰਤਤ ਸੀ। ਅੰਗਰੇਜ਼ ਇਸ ਸੱਚ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਪੰਜਾਬ ਦੇਸ਼-ਭਗਤਾਂ ਦੀ ਗਿਣਤੀ ਪੱਖੋਂ ਉਸ ਸਮੇਂ ਦੇਸ਼ ਦੇ ਸਭ ਸੂਬਿਆਂ ਤੋਂ ਅੱਗੇ ਸੀ।
ਇਧਰ ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਕ੍ਰਾਂਤੀਕਾਰੀਆਂ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਬਣਿਆ ਹੋਇਆ ਸੀ ਜਿਸ ਦੇ ਚਲਦਿਆਂ ਇਕ ਪਾਸੇ ਤਾਂ ਸ਼ਹਿਰ ਕ੍ਰਾਂਤੀਕਾਰੀਆਂ ਦੇ ਪ੍ਰਚਾਰ ਦਾ ਧੁਰਾ ਬਣ ਚੁੱਕਾ ਸੀ ਅਤੇ ਦੂਜੇ ਪਾਸੇ ਕਈ ਥਾਵਾਂ ਅੰਗਰੇਜ਼ ਹਕੂਮਤ ਵਿਰੁੱਧ ਵਰਤੋਂ ਵਿਚ ਲਿਆਉਣ ਵਾਲੇ ਬੰਬ ਬਣਾਉਣ ਦੀਆਂ ਨਿਰੋਲ ਫੈਕਟਰੀਆਂ ਦਾ ਰੂਪ ਲੈ ਚੁੱਕੀਆਂ ਸਨ।
30 ਮਾਰਚ ਤੋਂ ਬਾਅਦ 6 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਰੱਖੀ ਗਈ ਮੁਕੰਮਲ ਹੜਤਾਲ ਅਤੇ 9 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਹਿੰਦੂਆਂ-ਮੁਸਲਮਾਨਾਂ ਦੁਆਰਾ ਰਾਮਨੌਮੀ ਦਾ ਤਿਉਹਾਰ 'ਰਾਸ਼ਟਰੀ ਏਕਤਾ ਦਿਵਸ' ਦੇ ਰੂਪ ਵਿਚ ਮਨਾਇਆ ਜਾਣਾ ਬ੍ਰਿਟਿਸ਼ ਹੁਕੂਮਤ ਲਈ ਇਹ ਸਪਸ਼ਟ ਕਰ ਚੁੱਕਿਆ ਸੀ ਕਿ ਅੰਮ੍ਰਿਤਸਰ ਦੇ ਹਾਲਾਤ ਹੁਣ ਉਨ੍ਹਾਂ ਲਈ ਜ਼ਿਆਦਾ ਸੁਖਾਵੇਂ ਨਹੀਂ ਹਨ। ਅਗਲੇ ਦਿਨ 10 ਅਪ੍ਰੈਲ ਨੂੰ ਸਵੇਰੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲ ਇਰਵਿਨ ਨੇ ਸ਼ਹਿਰ ਦੇ ਪ੍ਰਸਿੱਧ ਨੇਤਾਵਾਂ ਡਾ: ਸਤਿਆਪਾਲ ਤੇ ਡਾ: ਸੈਫ਼ੂਦੀਨ ਕਿਚਲੂ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਭੇਜ ਦਿੱਤਾ ਜਿੱਥੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਦੋਵਾਂ ਨੇਤਾਵਾਂ ਦੇ ਅੰਮ੍ਰਿਤਸਰ 'ਚ ਦਾਖ਼ਲੇ 'ਤੇ ਪਾਬੰਦੀ ਲਾਏ ਜਾਣ ਦੇ ਰੋਸ ਵਜੋਂ ਉਸੇ ਦਿਨ ਸਵੇਰੇ 11.30 ਵਜੇ ਸ਼ਹਿਰ ਦੇ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਡੀ. ਸੀ. ਦੀ ਕੋਠੀ ਪਹੁੰਚਣ ਲਈ ਇਕੱਠੇ ਹੋਣ ਲੱਗੇ। ਜਦੋਂ ਜਲੂਸ ਹਾਲ ਬ੍ਰਿਜ (ਨਵਾਂ ਨਾਂਅ ਪੌੜੀਆਂ ਵਾਲਾ ਪੁਲ) ਕੋਲ ਪਹੁੰਚਿਆ ਤਾਂ ਭੀੜ ਨੂੰ ਬਿਨਾਂ ਕੋਈ ਚਿਤਾਵਨੀ ਦਿੱਤੇ ਅੰਗਰੇਜ਼ ਫ਼ੌਜੀਆਂ ਨੇ ਉਨ੍ਹਾਂ 'ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ 20 ਦੇ ਕਰੀਬ ਭਾਰਤੀ ਮੌਕੇ 'ਤੇ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਉਸੇ ਦੌਰਾਨ ਦੂਜੇ ਪਾਸਿਉਂ ਲੋਕਾਂ ਦੀ ਭੜਕੀ ਭੀੜ ਨੇ ਤੋੜ-ਫੋੜ ਅਤੇ ਲੁੱਟ-ਮਾਰ ਕਰਨ ਤੋਂ ਬਾਅਦ ਕਈ ਥਾਈਂ ਅੱਗ ਲਾ ਦਿੱਤੀ। ਇਸ ਕਾਰਵਾਈ ਦੌਰਾਨ 5 ਅੰਗਰੇਜ਼ ਵੀ ਮਾਰੇ ਗਏ।
ਸ਼ਹਿਰ ਦੇ ਹਾਲਾਤ ਬੇਕਾਬੂ ਹੁੰਦੇ ਵੇਖ ਡੀ. ਸੀ. ਨੇ 200 ਗੋਰਖਾ ਜਵਾਨ ਅੰਮ੍ਰਿਤਸਰ ਮੰਗਵਾ ਲਏ। ਮੇਜਰ ਮੈਕਡੋਨਲਡ ਦੀ ਕਮਾਂਡ ਹੇਠ 300 ਫ਼ੌਜੀ ਦਸਤੇ ਲਾਹੌਰ ਤੋਂ ਅੰਮ੍ਰਿਤਸਰ ਪਹੁੰਚ ਗਏ ਅਤੇ ਉਸੇ ਦਿਨ 11 ਅਪ੍ਰੈਲ ਦੀ ਸ਼ਾਮ ਜਲੰਧਰ ਬ੍ਰਿਗੇਡ ਦਾ ਕਮਾਂਡਰ ਬ੍ਰਿਗੇਡੀਅਰ ਜਨਰਲ ਰਿਨਾਲਡ ਏਡਵਰਡ ਹੈਨਰੀ (ਆਰ. ਈ. ਐਚ.) ਡਾਇਰ ਅੰਮ੍ਰਿਤਸਰ ਪਹੁੰਚ ਗਿਆ।
12 ਅਪ੍ਰੈਲ ਦੀ ਸਵੇਰ 10 ਵਜੇ ਜਨਰਲ ਡਾਇਰ ਨੇ 125 ਬਰਤਾਨਵੀ ਅਤੇ 310 ਭਾਰਤੀ ਫ਼ੌਜੀ ਦਸਤਿਆਂ ਨਾਲ ਸ਼ਹਿਰ ਦੀ ਗਸ਼ਤ ਕੀਤੀ। ਜਦੋਂ ਉਹ ਸੁਲਤਾਨਵਿੰਡ ਗੇਟ ਦੇ ਕੋਲ ਪਹੁੰਚਿਆ ਤਾਂ ਉਥੇ ਲੋਕਾਂ ਦੀ ਵੱਡੀ ਭੀੜ ਲੱਗੀ ਹੋਈ ਸੀ। ਡਾਇਰ ਨੇ ਉਨ੍ਹਾਂ ਨੂੰ ਉਥੋਂ ਚਲੇ ਜਾਣ ਦੀ ਧਮਕੀ ਦਿੱਤੀ, ਜਿਸ ਦਾ ਕਿਸੇ 'ਤੇ ਵੀ ਕੋਈ ਅਸਰ ਨਹੀਂ ਹੋਇਆ। ਇਸ ਨਾਲ ਉਸ ਨੇ ਗੁੱਸੇ ਵਿਚ ਆ ਕੇ ਤੁੰਰਤ ਹੁਕਮ ਜਾਰੀ ਕੀਤਾ ਕਿ ਬਾਜ਼ਾਰਾਂ ਵਿਚ ਢੋਲ ਵਜਾ ਕੇ ਅਤੇ ਪੋਸਟਰਾਂ ਰਾਹੀਂ ਚਿਤਾਵਨੀ ਦਿੱਤੀ ਜਾਵੇ ਕਿ ਚਾਰ ਤੋਂ ਜ਼ਿਆਦਾ ਲੋਕ ਇਕ ਜਗ੍ਹਾ ਇਕੱਠੇ ਨਾ ਹੋਣ, ਕੋਈ ਵਿਅਕਤੀ ਬਿਨਾਂ ਆਗਿਆ-ਪੱਤਰ ਸ਼ਹਿਰ ਵਿਚ ਦਾਖ਼ਲ ਨਾ ਹੋਵੇ, ਅੱਠ ਵਜੇ (ਰਾਤ) ਦੇ ਬਾਅਦ ਗਲੀਆਂ ਵਿਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ, ਜਲੂਸ ਕੱਢਣ 'ਤੇ ਸਖ਼ਤ ਮਨਾਹੀ ਆਦਿ। ਉਰਦੂ ਅਤੇ ਪੰਜਾਬੀ ਵਿਚ ਲਿਖੇ ਇਹ ਚਿਤਾਵਨੀ ਪੋਸਟਰ ਸ਼ਹਿਰ ਵਿਚ ਸਿਰਫ਼ 20-22 ਸਥਾਨਾਂ 'ਤੇ ਹੀ ਲਗਾਏ ਗਏ, ਜਿਸ ਕਾਰਨ ਬਾਕੀ ਕਰੀਬ 80-90 ਫੀਸਦੀ ਸ਼ਹਿਰੀਆਂ ਅਤੇ ਆਸ-ਪਾਸ ਦੇ ਪਿੰਡਾਂ-ਸ਼ਹਿਰਾਂ ਵਿਚ ਇਸ ਸਬੰਧੀ ਕੋਈ ਜਾਣਕਾਰੀ ਨਾ ਪਹੁੰਚ ਸਕੀ ਜਿਸ ਕਾਰਨ ਅਗਲੇ ਦਿਨ ਵਿਸਾਖੀ 'ਤੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈ ਹਮੇਸ਼ਾ ਦੀ ਤਰ੍ਹਾਂ ਲੋਕ ਨਿਰਵਿਘਨ ਤੇ ਬੇਖੌਫ਼ ਆਉਂਦੇ ਰਹੇ।
ਉਧਰ 12 ਅਪ੍ਰੈਲ ਦੀ ਸ਼ਾਮ ਚਾਰ ਵਜੇ ਹਿੰਦੂ ਸਭਾ ਹਾਈ ਸਕੂਲ (ਢਾਬ ਖ਼ਟੀਕਾਂ) 'ਚ ਮੀਟਿੰਗ ਕਰਕੇ 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਜਲਸਾ ਕਰਨ ਦੀ ਯੋਜਨਾ ਬਣਾਈ ਗਈ। ਇਸ ਬੈਠਕ ਨੂੰ ਬੁਲਾਉਣ ਦੀ ਚਾਲ ਸੀ. ਐਫ. ਐਨਡਰੀਉ. (ਚਰਚ ਆਫ਼ ਇੰਗਲੈਂਡ ਦਾ ਪਾਦਰੀ) ਦੇ ਮੁਖ਼ਬਰ ਹੰਸ ਰਾਜ ਨੇ ਰਚੀ ਸੀ।
13 ਅਪ੍ਰੈਲ ਨੂੰ ਸਵੇਰੇ ਡਾਇਰ ਨੇ ਸ਼ਹਿਰ ਦੀਆਂ ਸੜਕਾਂ 'ਤੇ ਫਿਰ ਗਸ਼ਤ ਕੀਤੀ ਅਤੇ ਦੋ ਵਜੇ ਉਹ ਰਾਮਬਾਗ਼ ਵਾਪਸ ਪਰਤ ਗਿਆ। ਉਧਰ ਲੋਕ ਜਲ੍ਹਿਆਂਵਾਲੇ ਬਾਗ਼ ਵਿਚ ਜਲਸਾ ਸੁਣਨ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਅੰਗਰੇਜ਼ ਹਕੂਮਤ ਵੀ ਸ਼ਾਇਦ ਕੁਝ ਇਹੋ ਜਿਹਾ ਹੀ ਚਾਹੁੰਦੀ ਸੀ, ਇਸ ਲਈ ਬਾਗ਼ ਵਿਚ ਲੋਕਾਂ ਦੇ ਇਕੱਠੇ ਹੋਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ। ਜਨਰਲ ਡਾਇਰ ਨੂੰ ਇਸ ਸਬੰਧੀ ਸ਼ਾਮ ਚਾਰ ਵਜੇ ਜਦੋਂ ਮੁੜ ਦੂਸਰੀ ਵਾਰ ਬਾਗ਼ ਵਿਚ ਹਜ਼ਾਰਾਂ ਲੋਕਾਂ ਦੇ ਇਕੱਠੇ ਹੋਣ ਸਬੰਧੀ ਜਾਣਕਾਰੀ ਮਿਲੀ ਤਾਂ ਉਹ ਉਥੋਂ ਤੁਰੰਤ ਬਾਗ਼ ਵੱਲ ਜਾਣ ਲਈ ਆਪਣੀ ਕਾਰ 'ਤੇ ਨਿਕਲ ਤੁਰਿਆ। ਬਾਗ਼ ਵਿਚ ਜਲਸਾ ਪੂਰੇ 4.30 ਵਜੇ ਸੀਨੀਅਰ ਵਕੀਲ ਲਾਲਾ ਕਨ੍ਹਈਆ ਲਾਲ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ। ਸਭਾ ਵਿਚ ਗੋਪੀ ਨਾਥ ਨੇ ਆਪਣੀ ਕਵਿਤਾ 'ਫ਼ਰਿਆਦ' ਪੜ੍ਹੀ ਹੀ ਸੀ ਕਿ ਡਾਇਰ ਆਪਣੀ ਫ਼ੌਜ ਨਾਲ ਬਾਗ਼ ਦੇ ਅੰਦਰ ਪਹੁੰਚ ਗਿਆ। ਸਭਾ ਦੀ ਪ੍ਰਧਾਨਗੀ ਕਰ ਰਹੇ ਡਾ: ਗੁਰਬਖਸ਼ ਸਿੰਘ ਰਾਇ ਨੇ ਜਲਦੀ ਨਾਲ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰ ਰਹਿਣ ਦਾ ਪਹਿਲਾ ਪ੍ਰਸਤਾਵ ਪੜ੍ਹਿਆ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਇਸ ਨਾਲ ਡਾਇਰ ਦਾ ਗੁੱਸਾ ਸ਼ਾਂਤ ਹੋ ਜਾਵੇਗਾ ਅਤੇ ਭੀੜ੍ਹ ਵੱਲ ਵਧ ਰਹੀਆਂ ਬੰਦੂਕਧਾਰੀ ਫੌਜਾਂ ਵਾਪਸ ਪਰਤ ਜਾਣਗੀਆਂ। ਦੂਸਰਾ ਪ੍ਰਸਤਾਵ ਜੋ ਕਿ ਸਰਕਾਰ ਦੀ ਦਮਨਕਾਰੀ ਨੀਤੀ ਦੇ ਵਿਰੋਧ ਵਿਚ ਸੀ, ਨੂੰ ਅਜੇ ਪੰਡਿਤ ਸ੍ਰੀ ਦੁਰਗਾ ਦਾਸ (ਸੰਪਾਦਕ ਨਵਾਏ ਵਕਤ, ਅੰਮ੍ਰਿਤਸਰ) ਨੇ ਪੜ੍ਹਨਾ ਸ਼ੁਰੂ ਕੀਤਾ ਹੀ ਸੀ ਕਿ ਡਾਇਰ ਦੀ ਫ਼ੌਜ ਨੇ ਪੁਜ਼ੀਸ਼ਨ ਸੰਭਾਲ ਲਈ। ਡਾਇਰ ਨੇ ਤੁਰੰਤ ਆਪਣੇ ਸੈਨਿਕਾਂ ਨੂੰ ਗੋਲੀ ਚਲਾਉਣ ਦਾ ਆਦੇਸ਼ ਦੇ ਦਿੱਤਾ। ਦਸ-ਪੰਦਰਾਂ ਮਿੰਟ ਤੱਕ ਲਗਾਤਾਰ ਗੋਲੀਆਂ ਚਲਦੀਆਂ ਰਹੀਆਂ। ਕੁੱਲ 1650 ਗੋਲੀਆਂ ਚੱਲੀਆਂ। ਸਰਕਾਰੀ ਸੂਤਰਾਂ ਅਨੁਸਾਰ 379 ਲੋਕਾਂ ਦੇ ਮਾਰੇ ਜਾਣ ਅਤੇ 1208 ਦੇ ਜ਼ਖ਼ਮੀ ਹੋਣ ਦਾ ਅਨੁਮਾਨ ਹੈ। ਮਿਲਟਰੀ ਰਿਪੋਰਟ ਅਨੁਸਾਰ 200 ਤੋਂ ਵੀ ਘੱਟ ਵਿਅਕਤੀ ਮਾਰੇ ਗਏ ਸਨ, ਜਦੋਂ ਕਿ ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਪਾਸ 388 ਸ਼ਹੀਦਾਂ ਦੀ ਸੂਚੀ ਹੈ। ਮੈਂ (ਲੇਖਕ ਨੇ) ਆਪਣੀ ਪੁਸਤਕ 'ਅੰਮ੍ਰਿਤਸਰ-ਅਰੰਭ ਤੋਂ ਅੱਜ ਤਕ' ਵਿਚ ਜੋ ਸੂਚੀ ਪ੍ਰਕਾਸ਼ਿਤ ਕੀਤੀ ਹੈ, ਉਸ ਵਿਚ ਸ਼ਹੀਦ ਹੋਣ ਵਾਲਿਆਂ ਦੇ 501 ਨਾਂਅ ਦਰਜ ਹਨ। ਇਹ ਸੂਚੀ 12 ਨਵੰਬਰ 1919 ਨੂੰ ਮੁਕੰਮਲ ਹੋਈ ਸੀ।
13 ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਸਬੰਧ ਵਿਚ ਇਕ ਸੱਚ ਜੋ ਅਜੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਿਆ, ਉਹ ਇਹ ਸੀ ਕਿ 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਹੱਤਿਆ-ਕਾਂਡ ਕਰਨ ਦਾ ਮੌਕਾ ਤਾਂ ਡਾਇਰ ਦੇ ਹੱਥ ਸਬੱਬ ਨਾਲ ਲੱਗ ਗਿਆ ਸੀ, ਜਦੋਂ ਕਿ ਬਰਤਾਨਵੀ ਹਕੂਮਤ ਦੀ ਸਾਜ਼ਿਸ਼ ਤਾਂ ਅੰਮ੍ਰਿਤਸਰ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਤੇ ਗੋਲਾਬਾਰੀ ਕਰਕੇ ਪੂਰੇ ਸ਼ਹਿਰ ਨੂੰ ਤਹਿਸ-ਨਹਿਸ ਕਰਨ ਦੀ ਸੀ। 'ਮਹਾਨ ਕ੍ਰਾਂਤੀਕਾਰੀ-ਸ਼ਹੀਦ ਊਧਮ ਸਿੰਘ' ਦੇ ਸਫ਼ਾ 52 ਦੇ ਅਨੁਸਾਰ ਜਦੋਂ ਅੰਮ੍ਰਿਤਸਰ ਦੇ ਪ੍ਰਮੁੱਖ ਸ਼ਹਿਰੀ ਲਾਲਾ ਢੋਲਨ ਦਾਸ ਨੇ ਕੁਝ ਹੋਰਨਾਂ ਸ਼ਹਿਰੀਆਂ ਸਮੇਤ ਬਰਤਾਨਵੀ ਅਧਿਕਾਰੀਆਂ ਕੋਲ ਅੰਮ੍ਰਿਤਸਰ ਵਿਚ ਅਮਨ ਬਹਾਲ ਕਰਾਉਣ ਦੀ ਅਪੀਲ ਕੀਤੀ ਤਾਂ ਉਸ ਨੂੰ ਸਾਫ਼ ਤੌਰ 'ਤੇ ਚਿਤਾਵਨੀ ਦਿੱਤੀ ਗਈ ਕਿ 10 ਅਪ੍ਰੈਲ ਨੂੰ ਹਿੰਦੁਸਤਾਨੀਆਂ (ਅੰਮ੍ਰਿਤਸਰੀਆਂ) ਹੱਥੋਂ ਮਾਰੇ ਗਏ ਇਕ-ਇਕ ਯੂਰਪੀਅਨ ਦੀ ਜਾਨ ਦੇ ਬਦਲੇ ਜਦੋਂ ਤੱਕ ਇਕ-ਇਕ ਹਜ਼ਾਰ ਹਿੰਦੁਸਤਾਨੀ ਨੂੰ ਕੁਰਬਾਨ ਨਹੀਂ ਕੀਤਾ ਜਾਂਦਾ ਤਦ ਤੱਕ ਅੰਗਰੇਜ਼ ਸ਼ਾਂਤ ਨਹੀਂ ਹੋਣਗੇ।
ਉਪਰੋਕਤ ਸਭ ਤੋਂ ਸਾਫ਼ ਹੋ ਜਾਂਦਾ ਹੈ ਕਿ 13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ਼ ਕਾਂਡ ਜਲਦਬਾਜ਼ੀ ਵਿਚ ਲਿਆ ਗਿਆ ਫੈਸਲਾ ਨਹੀਂ ਸੀ ਅਤੇ ਜੇਕਰ ਉਸ ਦਿਨ ਬਾਗ਼ ਵਿਚ ਨਿਰਦੋਸ਼ ਲੋਕਾਂ ਦੀ ਹੱਤਿਆ ਨਾ ਕੀਤੀ ਜਾਂਦੀ ਤਾਂ ਪੂਰੇ ਅੰਮ੍ਰਿਤਸਰ 'ਤੇ ਗੋਲਾਬਾਰੀ ਕੀਤੇ ਜਾਣਾ ਤੈਅ ਸੀ।


ਸਿੱਖ ਧਰਮ ਸੰਸਾਰ ਦਾ ਵਿਲੱਖਣ ਅਤੇ ਵੱਖਰੀ ਪਹਿਚਾਣ ਰੱਖਣ ਵਾਲਾ ਧਰਮ ਹੈ। ਸਿੱਖਾਂ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਅੱਜ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਦਰਪੇਸ਼ ਵੱਖ-ਵੱਖ ਚੁਣੌਤੀਆਂ ਵਿਚ ਸਾਡੀ ਦਸਤਾਰ ਲਈ ਪੈਦਾ ਹੋ ਰਹੀਆਂ ਸਮੱਸਿਆਵਾਂ ਕਰਕੇ ਮੀਡੀਆ ਵਿਚ ਸਮੇਂ-ਸਮੇਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਸਾਡੇ ਸਾਰੇ ਗੁਰੂ ਸਾਹਿਬਾਨ ਦਸਤਾਰ ਧਾਰਨ ਕਰਦੇ ਸਨ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਦੇ ਪਾਵਨ ਅਵਸਰ 'ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਸਮੇਂ ਦਸਤਾਰ ਨੂੰ ਸਿੱਖਾਂ ਦੇ ਅਤਿ ਜ਼ਰੂਰੀ ਪਹਿਰਾਵੇ ਦਾ ਅੰਗ ਬਣਾ ਦਿੱਤਾ। ਦਸਤਾਰ ਹੀ ਹੈ ਜਿਹੜੀ ਪੰਜਾਂ ਕਕਾਰਾਂ ਵਿਚੋਂ ਕੇਸਾਂ ਦੀ ਸੰਭਾਲ ਲਈ ਪਹਿਨਣ ਵਾਲੇ ਬਸਤਰਾਂ ਵਿਚ ਅਹਿਮ ਸਥਾਨ ਰੱਖਦੀ ਹੈ। ਦਸਤਾਰ ਤੋਂ ਬਿਨਾਂ ਸਿੱਖ ਦਾ ਸਰੂਪ ਕਿਆਸਿਆ ਵੀ ਨਹੀਂ ਜਾ ਸਕਦਾ। ਸੌਣ ਸਮੇਂ ਜਾਂ ਆਰਾਮ ਕਰਨ ਸਮੇਂ ਨਿੱਕੀ ਦਸਤਾਰ ਸਜਾਉਣਾ ਸਿੱਖ ਲਈ ਲਾਜ਼ਮੀ ਹੈ, ਜਿਸ ਨੂੰ ਕੇਸਕੀ ਦਾ ਨਾਂਅ ਦਿੱਤਾ ਗਿਆ ਹੈ। ਆਮ ਤੌਰ 'ਤੇ ਅੰਮ੍ਰਿਤਧਾਰੀ ਸਿੱਖ ਦਸਤਾਰ ਦੇ ਹੇਠਾਂ ਕੇਸਕੀ ਸਜਾਉਂਦੇ ਹਨ। ਏਸ਼ੀਆ ਦੇ ਕੁਝ ਦੇਸ਼ਾਂ ਵਿਚ ਸਿਰ ਨੂੰ ਢਕਣ ਲਈ ਮੁੱਢਕਦੀਮ ਤੋਂ ਹੀ ਪਗੜੀ ਦੀ ਵਰਤੋਂ ਹੁੰਦੀ ਆਈ ਹੈ। ਆਰੀਆ ਲੋਕਾਂ ਵਿਚ ਵੀ ਪਗੜੀ ਬੰਨ੍ਹਣ ਦਾ ਰਿਵਾਜ ਹੈ। ਪੰਜਾਬ ਵਿਚ ਮੁੱਢਕਦੀਮ ਤੋਂ ਹੀ ਦਸਤਾਰ ਸਜਾਉਣੀ ਸਾਡੇ ਸਮਾਜ ਅਤੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਹਰ ਧਰਮ ਅਤੇ ਜਾਤ ਦੇ ਲੋਕ ਦਸਤਾਰ ਸਜਾਉਂਦੇ ਰਹੇ ਹਨ।
ਸਾਡੇ ਪੰਜਾਬੀ ਭਾਸ਼ਾ ਦੇ ਮੁਹਾਵਰਿਆਂ ਵਿਚ ਦਸਤਾਰ, ਪੱਗ, ਪਗੜੀ ਦੀ ਅਹਿਮੀਅਤ ਵੀ ਓਨੀ ਹੀ ਪੁਰਾਣੀ ਹੈ, ਜਿੰਨੀ ਸਾਡੀ ਭਾਸ਼ਾ ਅਤੇ ਮਾਂ-ਬੋਲੀ ਦੇ ਜਨਮ ਦੀ ਗਾਥਾ। ਜਦੋਂ ਅੰਗਰੇਜ਼ਾਂ ਨੇ ਭਾਰਤ ਵਿਚ ਪ੍ਰਵੇਸ਼ ਕੀਤਾ ਤਾਂ ਅੰਗਰੇਜ਼ੀ ਸੱਭਿਆਚਾਰ ਨੇ ਦਸਤਾਰ ਨੂੰ ਕੇਵਲ ਸਿੱਖ ਸਮਾਜ ਤੱਕ ਹੀ ਸੀਮਤ ਕਰ ਦਿੱਤਾ। ਅਸੀਂ ਅਜੇ ਵੀ ਦੇਖਦੇ ਹਾਂ ਕਿ ਹਿੰਦੂ ਧਰਮ ਵਿਚ ਖੁਸ਼ੀ ਜਾਂ ਗ਼ਮੀ ਦੇ ਸਮਾਗਮਾਂ ਵਿਚ ਪਗੜੀ ਬੰਨ੍ਹਣ ਦਾ ਰਿਵਾਜ ਹਾਲੇ ਵੀ ਕਾਇਮ ਹੈ। ਕਿਸੇ ਬਜ਼ੁਰਗ ਦੇ ਮਰਨ ਤੋਂ ਪਿੱਛੋਂ ਉਸ ਦੇ ਪੁੱਤਰ ਨੂੰ ਦਸਤਾਰ ਜਾਂ ਪਗੜੀ ਸਮਾਜਿਕ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਚਿੰਨ੍ਹ ਵਜੋਂ ਦਿੱਤੀ ਜਾਂਦੀ ਹੈ।
ਦੂਜੇ ਵੱਡੇ ਸੰਸਾਰ ਯੁੱਧ ਸਮੇਂ ਅੰਗਰੇਜ਼ਾਂ ਦੇ ਅਧੀਨ ਲੜ ਰਹੇ ਸਿੱਖ ਫੌਜੀਆਂ ਨੂੰ ਲੋਹ-ਟੋਪ ਪਾਉਣ ਦੇ ਆਦੇਸ਼ ਦਿੱਤੇ ਗਏ ਸਨ। ਜਾਨੀ ਨੁਕਸਾਨ ਹੋਣ ਦੇ ਡਰ ਵਜੋਂ ਅਜਿਹਾ ਲਾਜ਼ਮੀ ਕੀਤਾ ਗਿਆ ਸੀ। ਭਾਰਤ ਦੀ ਬਰਤਾਨਵੀ ਸਰਕਾਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਏਨਾ ਜਾਨੀ ਨੁਕਸਾਨ ਹੋਣ 'ਤੇ ਸਿੱਖ ਫ਼ੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦੇਣ ਦਾ ਬੋਝ ਨਹੀਂ ਚੁੱਕ ਸਕਦੇ ਪਰ ਸਾਡੇ ਸਿੱਖ ਫੌਜੀ ਜਵਾਨਾਂ ਅਤੇ ਅਫਸਰਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਜਦੋਂ ਕਿਸੇ ਦਸਤਾਰਧਾਰੀ ਜਵਾਨ ਦੀ ਮੌਤ ਸਿਰ ਵਿਚ ਗੋਲੀ ਲੱਗਣ ਨਾਲ ਹੋਵੇਗੀ ਤਾਂ ਉਸ ਦੀ ਵਿਧਵਾ ਤੇ ਪਰਿਵਾਰ ਪੈਨਸ਼ਨ ਨਹੀਂ ਲਵੇਗਾ। ਸਮੁੱਚਾ ਦੂਜਾ ਵਿਸ਼ਵ ਯੁੱਧ ਬਿਨਾਂ ਲੋਹ-ਟੋਪ ਪਹਿਨਣ ਤੋਂ ਦਸਤਾਰਾਂ ਸਜਾ ਕੇ ਲੜਿਆ। ਸਿੱਖ ਜਵਾਨ ਸਮਝਦੇ ਸਨ ਕਿ ਵਿਸ਼ਵ ਭਰ ਦੇ ਦੇਸ਼ਾਂ ਵਿਚ ਸਾਡੀ ਪਹਿਚਾਣ ਇਸ ਦਸਤਾਰ ਕਰਕੇ ਹੀ ਬਣਦੀ ਹੈ। ਡਾ: ਰਤਨ ਸਿੰਘ ਜੱਗੀ 'ਸਿੱਖ ਪੰਥ ਵਿਸ਼ਵ ਕੋਸ਼' ਵਿਚ ਲਿਖਦੇ ਹਨ ਕਿ ਹੁਣ ਤੱਕ ਹੋਏ ਦੋਵੇਂ ਵਿਸ਼ਵ ਯੁੱਧਾਂ ਦੌਰਾਨ 83055 ਦਸਤਾਰਧਾਰੀ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਇਨ੍ਹਾਂ ਦੋਵਾਂ ਲੜਾਈਆਂ ਦੌਰਾਨ 1,09,045 ਸਿੱਖ ਜਵਾਨ ਜ਼ਖਮੀ ਹੋਏ। ਕੀ ਇਹ ਦਸਤਾਰ ਪਹਿਨਣ ਵਾਲੇ ਸਿੱਖਾਂ ਲਈ ਮਾਣ ਵਾਲੀ ਗੱਲ ਨਹੀਂ?
ਵਰਤਮਾਨ ਸਮੇਂ ਵਿਚ 'ਸਿੱਖ ਦਸਤਾਰ ਦਿਵਸ' ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ 'ਦਸਤਾਰ ਸਿੱਖ ਦੀ ਪਹਿਚਾਣ' ਦਾ ਸੁਨੇਹਾ ਦਿੰਦਾ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਪ੍ਰਵਾਸੀ ਭਾਰਤੀ ਵੀਰਾਂ ਨੂੰ ਦਸਤਾਰ ਧਾਰਨ ਕਰਨ ਲਈ ਅੱਜ ਵੀ ਕਈ ਵਾਰ ਸਿੱਖੀ ਦੇ ਵੱਕਾਰ ਦਾ ਮਸਲਾ ਬਣ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਦਸਤਾਰ ਸਜਾ ਕੇ ਨੌਕਰੀ ਜਾਂ ਹੋਰ ਕਾਰੋਬਾਰ ਕਰਨ ਦੀ ਸਿੱਖਾਂ ਨੂੰ ਇਜਾਜ਼ਤ ਮਿਲੀ ਹੋਈ ਹੈ ਪਰ 'ਦਸਤਾਰ' ਲਈ ਸੰਘਰਸ਼ ਅਜੇ ਵੀ ਜਾਰੀ ਹੈ। ਬਹੁਤ ਸਾਰੇ ਦੇਸ਼ਾਂ ਵਿਚ ਸਿੱਖ ਭੈਣਾਂ ਅਤੇ ਵੀਰਾਂ ਨੂੰ ਦੋਪਹੀਆ ਸਵਾਰੀ ਨੂੰ ਚਲਾਉਣ ਸਮੇਂ ਲੋਹ-ਟੋਪ ਪਹਿਨਣ ਤੋਂ ਛੋਟ ਮਿਲੀ ਹੋਈ ਹੈ ਪਰ ਇਸ ਜਾਰੀ ਸੰਘਰਸ਼ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਕੇ ਹਰ ਸਿੱਖ ਨੂੰ ਚੱਲਣਾ ਪਵੇਗਾ। 'ਸਿੱਖ ਦਸਤਾਰ ਦਿਵਸ' ਸਮੇਂ ਸੁੰਦਰ ਦਸਤਾਰ ਮੁਕਾਬਲੇ ਕਰਵਾ ਰਹੀਆਂ ਸੰਸਥਾਵਾਂ ਨੂੰ ਹੋਰ ਵਧੇਰੇ ਉਤਸ਼ਾਹ ਅਤੇ ਲਗਨ ਨਾਲ ਦਸਤਾਰ ਦੀ ਪਹਿਚਾਣ ਲਈ ਗੰਭੀਰ ਯਤਨ ਕਰਨੇ ਪੈਣਗੇ।
ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ ਹੋਇਆ, ਸਗੋਂ ਇਹ ਮੇਲਾ ਦੁਨੀਆ ਭਰ 'ਚ ਵੱਖੋ-ਵੱਖਰੇ ਰੂਪਾਂ ਵਿਚ ਮਨਾਇਆ ਜਾਂਦਾ ਹੈ। ਕਿਤੇ ਇਹ ਮੇਲਾ ਫ਼ਸਲਾਂ ਪੱਕਣ 'ਤੇ ਖੁਸ਼ੀਆਂ ਦੇ ਹੁਲਾਸ ਦਾ ਪ੍ਰਤੀਕ ਹੈ, ਕਿਤੇ ਸੱਭਿਆਚਾਰਕ ਮਹੱਤਤਾ ਰੱਖਦਾ ਹੈ ਅਤੇ ਕਿਤੇ ਧਾਰਮਿਕ ਆਸਥਾ ਵਜੋਂ ਮਨਾਇਆ ਜਾਂਦਾ ਹੈ।
ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ 'ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ, 'ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ ਮਹੀਨੇ ਦੀ ਪੂਰਨਮਾਸ਼ੀ ਹੈ। ਵੈਸ਼ਾਖ ਦਾ ਪਹਿਲਾ ਪ੍ਰਵਿਸ਼૮ਾ ਸੂਰਜ ਦੇ ਹਿਸਾਬ ਵੈਸ਼ਾਖ ਦਾ ਪਹਿਲਾ ਦਿਨ।' ਭਾਵ ਕਿ ਵਿਸਾਖੀ, ਵੈਸਾਖ ਮਹੀਨੇ ਦੇ ਪਹਿਲੇ ਦਿਨ ਹੁੰਦੀ ਹੈ।
ਬਿਕਰਮੀ ਸਾਲ ਦਾ ਪਹਿਲਾ ਦਿਨ ਹੋਣ ਕਰਕੇ ਹਿੰਦੂ ਧਰਮ 'ਚ ਵਿਸਾਖੀ ਦਾ ਵੱਡਾ ਮਹੱਤਵ ਹੈ। ਹਿੰਦੂ ਭਾਈਚਾਰੇ ਵਲੋਂ ਹਰਿਦੁਆਰ 'ਚ ਵਿਸਾਖੀ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ। ਲੱਖਾਂ ਲੋਕ ਗੰਗਾ ਨਦੀ 'ਚ ਇਸ਼ਨਾਨ ਕਰਕੇ ਨਵੇਂ ਸਾਲ ਦਾ ਆਰੰਭ ਕਰਦੇ ਹਨ। ਹਰਿਦੁਆਰ ਵਿਖੇ ਹਿੰਦੂ ਸੰਤ ਆਪੋ-ਆਪਣੇ ਅਖਾੜਿਆਂ 'ਚੋਂ ਮੰਡਲੀਆਂ ਦੇ ਰੂਪ 'ਚ 'ਹਰਿ ਕੀ ਪਉੜੀ' ਵਿਖੇ ਪਹੁੰਚਦੇ ਹਨ। ਸੰਤ ਮੰਡਲੀਆਂ ਵਲੋਂ ਵਿਸਾਖੀ ਮੌਕੇ ਕੁੰਭ ਦੇ ਮੇਲੇ ਵਾਂਗ ਹੀ ਗੰਗਾ ਨਦੀ 'ਚ 'ਸ਼ਾਹੀ ਇਸ਼ਨਾਨ' ਕੀਤਾ ਜਾਂਦਾ ਹੈ।
ਇਤਿਹਾਸਕ ਰੂਪ ਵਿਚ ਵਿਸਾਖੀ ਦਾ ਸਬੰਧ 30 ਮਾਰਚ, 1699 ਈਸਵੀ ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਵਜੋਂ ਸਿੱਖ ਧਰਮ ਨਾਲ ਜੁੜ ਗਿਆ, ਜਿਸ ਤੋਂ ਬਾਅਦ ਵਿਸਾਖੀ ਖ਼ਾਲਸਾ ਪੰਥ ਦਾ ਪਵਿੱਤਰ ਦਿਹਾੜਾ ਬਣ ਗਿਆ। ਪਰ ਵਿਸਾਖੀ ਦਾ ਦਿਹਾੜਾ ਸਿੱਖ ਧਰਮ ਵਿਚ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਸਿੱਖਾਂ ਵਿਚ ਵਿਸਾਖੀ ਮਨਾਉਣ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਕੀਤੀ ਸੀ। ਇਸ ਦਿਨ ਸਿੱਖ ਸੰਗਤਾਂ ਦੂਰੋਂ-ਦੂਰੋਂ ਗੁਰੂ ਸਾਹਿਬਾਨ ਦੇ ਦਰਸ਼ਨਾਂ ਲਈ ਆਉਂਦੀਆਂ ਅਤੇ ਗੁਰੂ-ਜਸ ਸਰਵਣ ਕਰਦੀਆਂ।
ਸੱਭਿਆਚਾਰਕ ਰੂਪ 'ਚ ਵਿਸਾਖੀ ਪੰਜਾਬ ਸਮੇਤ ਉਤਰੀ ਭਾਰਤ ਵਿਚ ਹਾੜ੍ਹੀ ਦੀ ਫ਼ਸਲ ਪੱਕਣ ਦੀ ਖੁਸ਼ੀ 'ਚ ਮਨਾਈ ਜਾਂਦੀ ਹੈ। ਢੋਲ ਦੇ ਡਗੇ ਉਤੇ ਕੁੜਤੇ, ਚਾਦਰੇ ਅਤੇ ਛਮਲੇ ਵਾਲੀਆਂ ਪੱਗਾਂ ਬੰਨ੍ਹੀਂ ਪੰਜਾਬੀ ਗੱਭਰੂ ਗੋਲ ਚੱਕਰ ਬਣਾ ਕੇ ਕਣਕਾਂ ਵਿਚ ਹੀ ਨੱਚਣ ਲੱਗਦੇ। ਘਰ ਆਏ ਦਾਣਿਆਂ ਅਤੇ ਵਿਸਾਖੀ ਮੌਕੇ ਫ਼ਸਲ ਦੀ ਵੇਚ-ਵੱਟ ਦੀ ਖੁਸ਼ੀ 'ਚ ਕਿਸਾਨਾਂ ਵਲੋਂ ਭੰਗੜੇ ਪਾਏ ਜਾਂਦੇ। ਵਿਸਾਖੀ ਵਾਲੇ ਦਿਨ ਕਿਸਾਨ ਦੀ ਖੁਸ਼ੀ ਨੂੰ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਇਉਂ ਰੂਪਮਾਨ ਕੀਤਾ ਹੈ :
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵਿਸਾਖੀ ਦਾ ਦਿਹਾੜਾ ਵੱਖ-ਵੱਖ ਰੂਪਾਂ ਅਤੇ ਢੰਗਾਂ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਨੂੰ ਵੈਸਾਖੀ ਜਾਂ ਬੈਸਾਖੀ ਵੀ ਕਿਹਾ ਜਾਂਦਾ ਹੈ। ਖੇਤਰੀ ਭਾਸ਼ਾਵਾਂ 'ਚ ਇਸ ਦੇ ਵੱਖੋ-ਵੱਖਰੇ ਨਾਂਅ ਹਨ। ਤਾਮਿਲਨਾਡੂ ਵਿਚ ਵੈਸਾਖ ਮਹੀਨੇ ਨੂੰ 'ਵਿਸ਼ੂ' ਕਿਹਾ ਜਾਂਦਾ ਹੈ ਅਤੇ ਵਿਸਾਖੀ ਵਾਲੇ ਦਿਨ 'ਪੁਥਾਂਡੂ' ਤਿਓਹਾਰ ਮਨਾਇਆ ਜਾਂਦਾ ਹੈ। ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਵੀ ਵਿਸਾਖੀ ਕਣਕ ਪੱਕਣ ਦੀ ਖੁਸ਼ੀ ਵਜੋਂ ਮਨਾਈ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਵਿਚ ਵੈਸਾਖ ਅਤੇ ਕੱਤਕ ਮਹੀਨੇ ਵਿਚ, ਸਾਲ 'ਚ ਦੋ ਵਾਰ ਵਿਸਾਖੀ ਮਨਾਈ ਜਾਂਦੀ ਹੈ। ਲੋਕ ਇਕ ਗਰਮ ਪਾਣੀ ਵਾਲੇ ਝਰਨੇ ਕੋਲ ਮਾਤਾ ਦੇ ਮੰਦਰ 'ਚ ਜਾ ਕੇ ਪੂਜਾ ਕਰਦੇ ਹਨ। ਮਾਤਾ ਦੀ ਇਕ ਖ਼ਾਸ ਕਿਸਮ ਦੀ ਬਣਾਈ ਮੂਰਤੀ ਦੇ ਮੂੰਹ 'ਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ। ਲੋਕ ਅੱਗ ਦੀਆਂ ਲਾਟਾਂ ਨੂੰ ਪਵਿੱਤਰ ਮੰਨ ਕੇ ਪੂਜਾ ਕਰਦੇ ਹਨ। ਨਦੀਆਂ ਕੰਢੇ ਇਸ਼ਨਾਨ ਵੀ ਕਰਦੇ ਹਨ। ਬਿਹਾਰ ਵਿਚ ਵਿਸਾਖੀ ਸੂਰਜ ਦੇਵਤਾ ਦੀ ਖਿਦਮਤ ਵਿਚ ਸੂਰਜਪੁਰ-ਬਾਰਾਗਾਉਂ ਵਿਚ ਮਨਾਈ ਜਾਂਦੀ ਹੈ। ਉੜੀਸਾ ਵਿਚ ਕੋਨਾਰਕ ਦੇ ਮੰਦਰ ਵਿਚ ਸੂਰਜ ਦੇਵਤਾ ਦੀ ਮੰਨਤ ਬਹੁਤ ਸ਼ਰਧਾ ਨਾਲ ਮਨਾਈ ਜਾਂਦੀ ਹੈ। ਭਾਰਤ ਦੇ 7 ਉਤਰ-ਪੂਰਬੀ ਸੂਬਿਆਂ ਦੇ ਆਦਿਵਾਸੀ ਵੀ ਆਪੋ-ਆਪਣੇ ਸੱਭਿਆਚਾਰ, ਧਰਮ ਅਤੇ ਜ਼ੁਬਾਨਾਂ ਵਿਚ ਇਸ ਤਿਉਹਾਰ ਨੂੰ ਬੜੇ ਜੋਸ਼ ਨਾਲ ਮਨਾਉਂਦੇ ਹਨ। ਮਨੀਪੁਰ ਵਿਚ ਮਨਾਇਆ ਜਾਂਦਾ ਇਹ ਤਿਉਹਾਰ ਖ਼ਾਸ ਤੌਰ 'ਤੇ ਯਾਦਗਾਰੀ ਹੁੰਦਾ ਹੈ। ਆਸਾਮ ਵਿਚ ਵਿਸਾਖੀ 14 ਅਪਰੈਲ ਨੂੰ 'ਰੰਗਲੀ ਬਿਹੂ' ਦੇ ਨਾਂਅ ਨਾਲ ਮਨਾਉਂਦੇ ਹਨ। ਲੋਕ ਸੁੰਦਰ ਕੱਪੜੇ ਪਹਿਨ ਕੇ ਢੋਲ-ਢਮੱਕੇ ਦੌਰਾਨ ਖ਼ੁਸ਼ੀ ਭਰਪੂਰ ਨਾਚ-ਗਾਣੇ ਦਾ ਆਨੰਦ ਮਾਣਦੇ ਹਨ।
ਬੰਗਾਲ ਵਿਚ 'ਨਬਾ ਬਰਸ਼ਾ' (ਨਵਾਂ ਸਾਲ) ਮਨਾਇਆ ਜਾਂਦਾ ਹੈ। ਬੰਗਾਲੀ ਲੋਕ ਗੰਗਾ ਇਸ਼ਨਾਨ ਜਾਂ ਨਦੀਆਂ, ਤਾਲਾਬਾਂ ਵਿਚ ਨਹਾਉਂਦੇ ਹਨ। ਘਰਾਂ ਨੂੰ ਰੰਗੋਲੀ ਨਾਲ ਸਜਾਉਂਦੇ ਹਨ। ਦੱਖਣੀ-ਭਾਰਤ ਵਿਚ ਤਾਮਿਲ ਅਤੇ ਤੇਲਗੂ ਲੋਕ ਵੀ ਵੈਸਾਖ ਨਵੇਂ ਸਾਲ ਦੇ ਤੌਰ 'ਤੇ ਮਨਾਉਂਦੇ ਹਨ। ਲੱਕੜੀ ਦੇ ਰੱਥ 'ਤੇ ਜਲੂਸ ਕੱਢਦੇ ਹਨ। ਕੇਰਲਾ ਦੇ ਲੋਕ ਮੰਦਰਾਂ ਵਿਚ ਵਿਸ਼ਨੂੰ ਦੀ ਸਿਮਰਤੀ ਵਿਚ 'ਪੂਰਮ' ਮਨਾਉਂਦੇ ਹਨ। ਅਨੇਕਾਂ ਢੰਗਾਂ ਨਾਲ ਸਜੇ ਮੰਦਰਾਂ ਵਿਚੋਂ ਹਾਥੀ ਨਿਕਲਦੇ ਹਨ। ਹਾਥੀਆਂ ਦਾ ਸਮੂਹ ਇਕ ਵੱਡੇ ਮੰਦਰ ਕੋਲ ਇਕੱਤਰ ਹੁੰਦਾ ਹੈ। ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਚਲੇ ਜਾਂਦੇ ਹਨ। ਸ਼ਾਮ ਨੂੰ ਪਹਿਲਾ 'ਪੂਰਮ' ਦੋ ਪਾਰਟੀਆਂ ਨਾਲ ਕੀਤਾ ਜਾਂਦਾ ਹੈ। ਹਰੇਕ ਪਾਰਟੀ ਮੁਕੰਮਲ ਤੌਰ 'ਤੇ ਸਜੇ ਪੰਦਰਾਂ-ਪੰਦਰਾਂ ਹਾਥੀਆਂ ਅਤੇ ਕੇਰਲਾ ਦੇ ਰਵਾਇਤੀ ਸੰਗੀਤਕਾਰਾਂ ਸਮੇਤ ਵੱਡੇ ਮੰਦਰ ਕੋਲ ਆਉਂਦੀ ਹੈ। ਪਾਕਿਸਤਾਨ ਵਿਚ ਵੀ ਵਿਸਾਖੀ ਹਰਸ਼ੋ-ਹੁਲਾਸ ਨਾਲ ਮਨਾਈ ਜਾਂਦੀ ਹੈ। ਭਾਵੇਂਕਿ ਮੁਸਲਮਾਨਾਂ ਵਿਚ ਵਿਸਾਖੀ ਦਾ ਕੋਈ ਧਾਰਮਿਕ ਮਹੱਤਵ ਨਹੀਂ ਹੈ, ਪਰ ਅਣਵੰਡੇ ਭਾਰਤ ਦੀਆਂ ਸੱਭਿਆਚਾਰਕ ਰਵਾਇਤਾਂ ਅਨੁਸਾਰ ਉਥੇ ਵਿਸਾਖੀ ਮਨਾਉਣ ਦਾ ਰੁਝਾਨ ਲਗਾਤਾਰ ਜਾਰੀ ਹੈ। ਪਾਕਿ ਵਿਚ ਵਿਸਾਖੀ ਫ਼ਸਲਾਂ ਪੱਕਣ ਦੀ ਖੁਸ਼ੀ 'ਚ ਮਨਾਈ ਜਾਂਦੀ ਹੈ। ਕਸੂਰ ਦੇ ਪਿੰਡ ਬਾਬਾ ਰਾਮ ਥੰਮਨ ਵਿਚ ਮੁਸਲਮਾਨ ਭਾਈਚਾਰੇ ਵਲੋਂ ਬਹੁਤ ਵੱਡਾ ਵਿਸਾਖੀ ਮੇਲਾ ਕਰਵਾਇਆ ਜਾਂਦਾ ਹੈ। ਲਾਹੌਰ 'ਚ ਪੰਜਾਬੀ ਭਾਈਚਾਰੇ ਵਲੋਂ ਖਾਣ-ਪੀਣ ਦੇ ਸਮਾਗਮ ਅਤੇ ਸੈਮੀਨਾਰ ਕੀਤੇ ਜਾਂਦੇ ਹਨ।
ਫ਼ਸਲਾਂ ਪੱਕਣ 'ਤੇ ਕਾਦਰ ਦੇ ਸ਼ੁਕਰਾਨੇ ਦਾ ਦਿਹਾੜਾ ਮਨਾਉਣ ਦੀ ਰੀਤ ਮਨੁੱਖੀ ਸੱਭਿਅਤਾ ਵਿਚ ਸ਼ੁਰੂ ਤੋਂ ਹੀ ਚਲਦੀ ਆਈ ਹੈ। ਭਾਰਤ ਹੀ ਨਹੀਂ, ਵੱਖ-ਵੱਖ ਦੇਸ਼ਾਂ ਅਤੇ ਪੁਰਾਤਨ ਸੱਭਿਅਤਾਵਾਂ ਦਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਅਮਰੀਕਾ ਵਿਚ ਅਜਿਹਾ ਤਿਉਹਾਰ 1621 ਈਸਵੀ ਤੋਂ ਸ਼ੁਰੂ ਹੋਇਆ। ਹਰ ਸਾਲ ਫ਼ਸਲ ਦੀ ਵਾਢੀ ਤੋਂ ਬਾਅਦ 'ਸ਼ੁਕਰਾਨੇ ਦੇ ਪ੍ਰਗਟਾਵੇ' ਦਾ ਦਿਨ ਮਨਾਇਆ ਜਾਂਦਾ ਹੈ। ਸੰਨ 1863 ਵਿਚ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਬਾਕਾਇਦਾ ਇਸ ਤਿਉਹਾਰ ਨੂੰ ਕੌਮੀ ਦਿਵਸ ਵਜੋਂ ਮਾਨਤਾ ਦੇ ਦਿੱਤੀ। ਇਸ ਤਿਉਹਾਰ ਲਈ ਆਮ ਤੌਰ 'ਤੇ ਹਰੇਕ ਸਾਲ ਦੇ ਨਵੰਬਰ ਦੇ ਚੌਥੇ ਵੀਰਵਾਰ ਨੂੰ ਛੁੱਟੀ ਹੁੰਦੀ ਹੈ। ਕੈਨੇਡਾ ਵਿਚ ਇਹ ਤਿਉਹਾਰ ਸੰਨ 1879 ਈਸਵੀ ਵਿਚ ਮਨਾਉਣਾ ਸ਼ੁਰੂ ਕੀਤਾ ਗਿਆ। ਇਹ ਤਿਉਹਾਰ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਲੋਕ ਇਸ ਤਿਉਹਾਰ ਮੌਕੇ ਖ਼ਾਸ ਪਕਵਾਨ-'ਟਰਕੀ' (ਵੱਡਾ ਮੁਰਗ਼ਾ) ਖਾਂਦੇ ਹਨ। ਹਿਬਰੂ ਜਾਂ ਯਹੂਦੀ ਲੋਕ 3000 ਸਾਲ ਤੋਂ ਵੀ ਵੱਧ ਸਮੇਂ ਤੋਂ ਵਾਢੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਇਸ ਤਿਉਹਾਰ ਨੂੰ ਉਹ 'ਸੁੱਕੋਟ' (ਸ਼ੁਕਕੋਟਹ) ਕਹਿੰਦੇ ਹਨ। ਇਹ ਤਿਉਹਾਰ ਹਰੇਕ ਪੱਤਝੜ ਮੌਸਮ ਵਿਚ ਮਨਾਇਆ ਜਾਂਦਾ ਹੈ। ਮਿਸਰ ਵਿਚ ਵਾਢੀ ਦਾ ਤਿਉਹਾਰ 'ਮਿਨ' ਦੇਵਤਾ ਦੀ ਖਿਦਮਤ ਵਿਚ ਮਨਾਇਆ ਜਾਂਦਾ ਸੀ। ਇਸ ਦੇਵਤਾ ਨੂੰ ਬਨਸਪਤੀ ਅਤੇ ਜਣਨ-ਸ਼ਕਤੀ ਦਾ ਦੇਵਤਾ ਮੰਨਿਆ ਜਾਂਦਾ ਸੀ। ਇਹ ਤਿਉਹਾਰ ਮਿਸਰੀ ਲੋਕਾਂ ਦੀ ਫ਼ਸਲ ਦੀ ਵਾਢੀ ਮੌਕੇ ਬਹਾਰ ਮੌਸਮ ਵਿਚ ਮਨਾਇਆ ਜਾਂਦਾ ਸੀ।

No comments:

Post a Comment