Thursday, May 1, 2014

Lok Sabha Elections 2014 - 70.39% Voting in PUNJAB


  • ਪੰਜਾਬ 'ਚ 70.39% ਰਿਕਾਰਡ ਮਤਦਾਨ, 
  • ਲੋਕ ਸਭਾ ਹਲਕਾ ਸੰਗਰੂਰ ਰਿਕਾਰਡ ਮਤਦਾਨ ਕਰਨ ਲਈ ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ 

ਚੰਡੀਗੜ੍ਹ, 30 ਅਪ੍ਰੈਲ - ਪੰਜਾਬ ਵਿਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਪਈਆਂ। ਚੋਣ ਕਮਿਸ਼ਨ ਦੇ ਬੁਲਾਰੇ ਅਨੁਸਾਰ ਸੂਬੇ ਭਰ ਵਿਚ ਰਿਕਾਰਡ 70.39 ਫ਼ੀਸਦੀ ਵੋਟਾਂ ਪੈਣ ਦੀ ਜਾਣਕਾਰੀ ਮਿਲੀ ਹੈ ਜਦਕਿ ਪਿਛਲੀ ਵਾਰ 70.01 ਫ਼ੀਸਦੀ ਵੋਟਾਂ ਪਈਆਂ ਸਨ। ਵੱਖ-ਵੱਖ ਪੋਲਿੰਗ ਬੂਥਾਂ 'ਤੇ ਭਾਵੇਂ ਸਵੇਰ ਵੇਲੇ ਲੋਕ ਘੱਟ ਗਿਣਤੀ ਵਿਚ ਪੁੱਜਣੇ ਸ਼ੁਰੂ ਹੋਏ ਪਰ ਦੁਪਹਿਰ ਤੱਕ ਗਰਮੀ ਦੇ ਬਾਵਜੂਦ ਲੋਕਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਅਤੇ ਵੋਟਾਂ ਪਾਉਣ ਲਈ ਜਨਤਾ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਮੋਗਾ ਦੇ ਸੰਗਤਪੁਰਾ ਪਿੰਡ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਦੇ ਵੇਰਵੇ ਮਿਲੇ ਹਨ, ਜਿਸ ਦੌਰਾਨ 10 ਵਿਅਕਤੀ ਜ਼ਖ਼ਮੀ ਹੋ ਗਏ। ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਚ ਅਕਾਲੀ ਦਲ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੇ ਵਰਕਰਾਂ ਵਿਚਾਲੇ ਹੋਏ ਝਗੜੇ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪਿੰਡ ਭੋਖੜਾ ਵਿਚ ਸ: ਮਨਪ੍ਰੀਤ ਸਿੰਘ ਬਾਦਲ ਦੇ ਪਹੁੰਚਣ ਮੌਕੇ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਤਲਖ ਕਲਾਮੀ ਤੇ ਨਾਅਰੇਬਾਜ਼ੀ ਹੋਈ। ਇਸ ਦੌਰਾਨ ਰਾਮਪੁਰਾ ਫੂਲ ਵਿਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਜੰਮ ਕੇ ਲੜਾਈ ਹੋਈ ਜਿਸ 'ਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਮੌਕੇ 'ਤੇ ਪੁੱਜੇ ਪਰ ਪੁਲਿਸ ਨੇ ਦੋਵਾਂ ਆਗੂਆਂ ਨੂੰ ਰੋਕ ਲਿਆ। ਇਥੇ ਬੂਥ ਅੰਦਰ ਕੁੱਟਮਾਰ ਹੋਈ। 
ਬੁਲਾਰੇ ਅਨੁਸਾਰ 2009 ਦੀਆਂ ਚੋਣਾਂ ਦੌਰਾਨ ਜਦੋਂ 44 ਪੁਲਿਸ ਕੇਸ ਦਰਜ ਹੋਏ ਸਨ। ਅੱਜ ਦੀ ਵੋਟਿੰਗ ਦੌਰਾਨ ਕੇਵਲ 4 ਪੁਲਿਸ ਕੇਸ ਦਰਜ ਹੋਏ। ਰਾਜ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ. ਕੇ. ਸਿੰਘ ਨੇ ਅੱਜ ਰਾਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਖਰੀ ਖ਼ਬਰਾਂ ਮਿਲਣ ਤੱਕ 70.39 ਫੀਸਦੀ ਮੱਤਦਾਨ ਦੱਸਿਆ ਗਿਆ ਹੈ। ਅੱਜ ਰਾਤ 9 ਵਜੇ ਤੱਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਗੁਰਦਾਸਪੁਰ ਵਿਖੇ 69.73 ਪ੍ਰਤੀਸ਼ਤ, ਖਡੂਰ ਸਾਹਿਬ ਵਿਖੇ 68 ਪ੍ਰਤੀਸ਼ਤ, ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿਖੇ 70 ਪ੍ਰਤੀਸ਼ਤ ਤੱਕ ਤੇ ਬਠਿੰਡਾ 72 ਪ੍ਰਤੀਸ਼ਤ ਤੇ ਸੰਗਰੂਰ ਸਭ ਤੋਂ ਜ਼ਿਆਦਾ 74.04 ਪ੍ਰਤੀਸ਼ਤ, ਪਟਿਆਲਾ 71.31, ਫਰੀਦਕੋਟ 71 ਪ੍ਰਤੀਸ਼ਤ, ਫਤਿਹਗੜ੍ਹ ਸਾਹਿਬ 71 ਪ੍ਰਤੀਸ਼ਤ, ਜਲੰਧਰ 68 ਪ੍ਰਤੀਸ਼ਤ ਤੇ ਹੁਸ਼ਿਆਰਪੁਰ 65 ਪ੍ਰਤੀਸ਼ਤ ਵੋਟਾਂ ਪੋਲ ਹੋਣ ਦੀ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਸੂਚਨਾ ਮਿਲੀ ਸੀ। ਸ੍ਰੀ ਵੀ. ਕੇ. ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੋਟਿੰਗ ਦੀ ਸ਼ੁਰੂਆਤ ਸਮੇਂ ਲਗਭਗ 300 ਈ.ਵੀ. ਐਮ. ਮਸ਼ੀਨਾਂ ਤਕਨੀਕੀ ਨੁਕਸ ਕਰਕੇ ਬਦਲੀਆਂ ਗਈਆਂ, ਜਦੋਂਕਿ ਕੁੱਲ 400 ਮਸ਼ੀਨਾਂ ਨੂੰ ਬਦਲਣ ਦੀ ਜ਼ਰੂਰਤ ਪਈ। ਚੋਣ ਅਮਲ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਬਿਉਰਾ ਦਿੰਦਿਆਂ ਸ੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ
'ਤੇ ਪਿੰਡ ਰਸੂਲਪੁਰ ਤੋਂ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ, ਜਿਸ ਦੌਰਾਨ ਡਾ:"ਗਾਂਧੀ ਨੂੰ ਸੱਟ ਵੀ ਲੱਗੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪਟਿਆਲਾ ਵਿਖੇ ਹੀ ਲੋਕ ਸਭਾ ਹਲਕੇ ਦੇ ਦਿਹਾਤੀ ਵਿਧਾਨ ਸਭਾ ਹਲਕਾ ਖੇਤਰ 'ਚ ਤ੍ਰਿਪੜੀ ਵਿਖੇ ਕੁਝ ਲੋਕਾਂ ਵੱਲੋਂ ਪੋਲਿੰਗ ਬੂਥ ਦੇ ਅੰਦਰ ਦਾਖਲ ਹੋ ਕੇ ਈ.ਵੀ.ਐਮ. ਮਸ਼ੀਨ ਨੂੰ ਸੁੱਟ ਦਿੱਤਾ ਜਿਸ ਕਾਰਨ ਮਸ਼ੀਨ ਦਾ ਕੰਟਰੋਲ ਯੂਨਿਟ ਖ਼ਰਾਬ ਹੋ ਗਿਆ ਤੇ ਮਸ਼ੀਨ ਤਬਦੀਲ ਕਰਨੀ ਪਈ। ਉਕਤ ਮਾਮਲੇ 'ਚ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੁਰਦਾਸਪੁਰ ਦੇ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਗੈਗੋਵਾਲ ਵਿਖੇ 2 ਸਿਆਸੀ ਪਾਰਟੀਆਂ ਦੇ ਸਮਰਥਕਾਂ 'ਚ ਲੜਾਈ ਹੋਈ, ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਫਿਰੋਜ਼ਪੁਰ ਸੰਸਦੀ ਹਲਕੇ ਦੇ ਫਿਰੋਜ਼ਪੁਰ ਵਿਧਾਨ ਸਭਾ ਖੇਤਰ 'ਚ ਕੁਝ ਵਿਅਕਤੀਆਂ ਵਲੋਂ ਸਰਕਾਰੀ ਕਰਮਚਾਰੀਆਂ ਨਾਲ ਕੀਤੇ ਗਏ ਮਾੜੇ ਵਿਵਹਾਰ ਕਾਰਨ ਲੋਕ ਪ੍ਰਤੀਨਿਧਤਾ ਕਾਨੂੰਨ ਦੀਆਂ ਧਾਰਾਵਾਂ ਤਹਿਤ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫਿਰੋਜ਼ਪੁਰ ਵਿਖੇ ਧਾਰਾ 171 'ਚ ਵੀ ਇਕ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸੰਸਦੀ ਖੇਤਰ ਦੇ ਅਟਾਰੀ ਵਿਧਾਨ ਸਭਾ ਹਲਕੇ ਦੇ ਚੀਚਾ ਪੋਲਿੰਗ ਸਟੇਸ਼ਨ ਵਿਖੇ ਇਕ ਸੁਰੱਖਿਆ ਕਰਮੀ ਦਾ ਹਥਿਆਰ ਅਚਨਚੇਤ ਚੱਲਣ ਦੀ ਸੂਚਨਾ ਮਿਲੀ ਹੈ, ਪਰ ਇਸ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ। ਸ੍ਰੀ ਵੀ. ਕੇ. ਸਿੰਘ ਅਨੁਸਾਰ ਜਲੰਧਰ ਸੰਸਦੀ ਹਲਕੇ ਦੇ ਕਰਤਾਰਪੁਰ ਖੇਤਰ 'ਚ ਵੀ 2 ਸਿਆਸੀ ਪਾਰਟੀਆਂ ਦੇ ਹਮਾਇਤੀਆਂ 'ਚ ਹੋਈ ਲੜਾਈ ਕਾਰਨ ਮਾਮਲਾ ਦਰਜ ਕੀਤਾ ਗਿਆ।
ਅੰਮ੍ਰਿਤਸਰ 'ਚ ਅਕਾਲੀ ਤੇ ਕਾਂਗਰਸੀ ਵਰਕਰਾਂ ਦੇ ਹੋਏ ਝਗ਼ੜੇ 'ਚ 2 ਗੰਭੀਰ ਜ਼ਖਮੀ ਹੋ ਗਏ। ਬੂਥ ਲਾਉਣ ਤੋਂ ਰੋਕਣ ਲਈ ਕਾਂਗਰਸੀ ਵਰਕਰ 'ਤੇ ਕੁਝ ਲੋਕਾਂ ਨੇ ਤੇਜ਼ਾਬ ਪਾ ਦਿੱਤਾ।
ਵੱਖ-ਵੱਖ ਆਗੂਆਂ ਪਾਈ ਵੋਟ
ਲੰਬੀ ਹਲਕੇ ਦੇ ਬਾਦਲ ਪਿੰਡ ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ, ਸ਼ੇਰ ਸਿੰਘ ਘੁਬਾਇਆ, ਸੁਖਦੇਵ ਸਿੰਘ ਢੀਂਡਸਾ, ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੀ ਵਿਧਾਇਕ ਪਤਨੀ ਚਰਨਜੀਤ ਕੌਰ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਆਪਣੇ ਹਲਕੇ ਅੰਮ੍ਰਿਤਸਰ ਵਿਚ ਹੀ ਰਹੇ। ਉਨ੍ਹਾਂ ਦੀ ਵੋਟ ਪਟਿਆਲਾ ਵਿਚ ਬਣੀ ਹੈ। ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੇ ਪਟਿਆਲਾ ਦੇ ਲੜਕੀਆਂ ਦੇ ਕਾਲਜ ਵਿਚ ਆਪਣੀ ਵੋਟ ਪਾਈ ਜਦਕਿ 'ਆਪ' ਉਮੀਦਵਾਰ ਧਰਮਵੀਰ ਗਾਂਧੀ ਨੇ ਵੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਅਕਾਲੀ-ਭਾਜਪਾ ਉਮੀਦਵਾਰ ਦੀਪ ਇੰਦਰ ਸਿੰਘ ਢਿੱਲੋਂ ਨੇ ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਆਪਣੇ ਪਿੰਡ ਵਿਚ ਵੋਟ ਪਾਈ। ਅੰਮ੍ਰਿਤਸਰ ਤੋਂ 3 ਵਾਰ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਗੁਰੂ ਨਗਰੀ ਵਿਚ ਵੋਟ ਪਾਈ। ਆਪਣੇ ਪਤੀ ਦੀ ਗੈਰ-ਹਾਜ਼ਰੀ ਬਾਰੇ ਉਨ੍ਹਾਂ ਕਿਹਾ, 'ਆਪਣੇ ਰੁਝੇਂਵਿਆਂ ਕਾਰਨ ਉਹ ਇਥੇ ਪੁੱਜ ਨਹੀਂ ਸਕੇ।' ਅੰਮ੍ਰਿਤਸਰ ਹਲਕੇ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਜਿਨ੍ਹਾਂ ਦੀ ਪੰਜਾਬ ਵਿਚ ਵੋਟ ਨਹੀਂ ਬਣੀ, ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਸੂਬੇ ਵਿਚ 19 ਔਰਤਾਂ ਸਮੇਤ 253 ਉਮੀਦਵਾਰ ਚੋਣ ਅਖਾੜੇ ਵਿਚ ਨਿੱਤਰੇ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਨੇਤਾ ਅਰੁਣ ਜੇਤਲੀ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ, ਗੁਰਦਾਸਪੁਰ ਤੋਂ ਭਾਜਪਾ ਦੇ ਵਿਨੋਦ ਖੰਨਾ ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਤੇ ਕਾਂਗਰਸ ਦੇ ਸੁਨੀਲ ਜਾਖੜ, ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਅੰਬਿਕਾ ਸੋਨੀ ਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਕਾਂਗਰਸ ਦੇ ਪ੍ਰਨੀਤ ਕੌਰ ਤੇ ਅਕਾਲੀ ਦਲ ਦੇ ਦੀਪ ਇੰਦਰ ਸਿੰਘ ਢਿੱਲੋਂ, ਫਰੀਦਕੋਟ ਤੋਂ ਅਕਾਲੀ ਦੀ ਮੌਜੂਦਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਈਂ ਤੇ 'ਆਪ' ਦੇ ਸਾਧੂ ਸਿੰਘ, ਸੰਗਰੂਰ ਤੋਂ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ, ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਤੇ 'ਆਪ' ਦੇ ਭਗਵੰਤ ਮਾਨ ਤੋਂ ਇਲਾਵਾ ਲੁਧਿਆਣਾ ਤੋਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਰਵਨੀਤ ਸਿੰਘ ਬਿੱਟੂ ਅਤੇ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਪ੍ਰਮੁੱਖ ਹਨ।
ਮੁੱਖ ਮੰਤਰੀ ਵੱਲੋਂ ਲੋਕਾਂ ਤੇ ਚੋਣ ਕਮਿਸ਼ਨ ਦਾ ਧੰਨਵਾਦ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਪ੍ਰਕਿਰਿਆ ਸ਼ਾਂਤੀ ਪੂਰਨ ਢੰਗ ਨਾਲ ਪੂਰੇ ਕੀਤੇ ਜਾਣ ਲਈ ਪੰਜਾਬ ਦੇ ਲੋਕਾਂ ਤੇ ਮੁੱਖ ਚੋਣ ਅਧਿਕਾਰੀ ਤੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਾਜ ਦੇ ਲੋਕਾਂ ਵੱਲੋਂ ਅਜਿਹੇ ਵਰਤਾਰੇ ਨਾਲ ਇਕ ਵਾਰ ਫਿਰ ਲੋਕਤੰਤਰੀ ਪ੍ਰੰਪਰਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ 'ਚ ਵੋਟਾਂ ਪਾਉਣ ਤੋਂ ਸਪੱਸ਼ਟ ਹੈ ਕਿ ਪੰਜਾਬੀ ਦੇਸ਼ ਨੂੰ ਉਸਾਰੂ ਸੇਧ ਦੇਣ ਲਈ ਯਤਨਸ਼ੀਲ ਹਨ। ਉਨ੍ਹਾਂ ਚੋਣ ਕਮਿਸ਼ਨ ਤੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦਾ ਪੰਜਾਬ ਵਿਚ ਨਿਰਪੱਖ ਚੋਣਾਂ ਕਰਾਉਣ ਲਈ ਵੀ ਧੰਨਵਾਦ ਕੀਤਾ।

ਪੁਲਿਸ ਮੁਖੀ ਵੱਲੋਂ ਸੁਰੱਖਿਆ ਕਰਮੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ 
ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਵੱਲੋਂ ਵੀ ਚੋਣ ਪ੍ਰਕਿਰਿਆ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਕਰਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਇਸ ਮੰਤਵ ਲਈ ਕਾਫ਼ੀ ਮਿਹਨਤ ਤੇ ਅਮਨ ਕਾਨੂੰਨ ਬਹਾਲ ਰੱਖਣ ਲਈ ਆਪਣੀ ਨਿਸ਼ਠਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੰਜਾਬ ਪੁਲਿਸ, ਹੋਮਗਾਰਡ ਦੇ ਜਵਾਨਾਂ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਤੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ, ਡੀ.ਆਈ.ਜੀ. ਰੇਜਾਂ, ਆਈ.ਜੀ. ਜ਼ੋਨਲ ਤੇ ਪੁਲਿਸ ਕਮਿਸ਼ਨਰਾਂ ਤੋਂ ਇਲਾਵਾ ਹਥਿਆਰਬੰਦ ਬਟਾਲੀਅਨਾਂ ਤੇ ਇਲੈਕਸ਼ਨ ਸੈਲ ਦੇ ਮੁਖੀਆਂ ਨੂੰ ਵੀ ਪੱਤਰ ਲਿਖ ਕੇ ਚੋਣ ਪ੍ਰਕਿਰਿਆ ਦੇ ਕੰਮ ਨੂੰ ਤਨਦੇਹੀ ਤੇ ਨਿਰਪੱਖਤਾ ਨਾਲ ਪੂਰਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। 
ਡਾ: ਧਰਮਵੀਰ 'ਤੇ ਹਮਲਾ
ਇਸ ਦੌਰਾਨ ਪਟਿਆਲਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ ਹਮਲੇ ਦੌਰਾਨ ਜ਼ਖ਼ਮੀ ਹੋ ਗਏ। ਰਸੂਲਪੁਰ ਸੈਦਾਂ ਵਿਚ ਕੀਤੇ ਹਮਲੇ ਦੌਰਾਨ ਉਨ੍ਹਾਂ ਦਾ ਅੰਗ ਰੱਖਿਅਕ ਵੀ ਜ਼ਖ਼ਮੀ ਹੋ ਗਿਆ। ਹਮਲਾ ਕਰਨ ਵਾਲੇ ਨੌਜਵਾਨ ਅਕਾਲੀ-ਭਾਜਪਾ ਗਠਜੋੜ ਦੇ ਸਮਰੱਥਕ ਦੱਸੇ ਜਾਂਦੇ ਹਨ। 'ਆਪ' ਦੇ ਬੁਲਾਰੇ ਅਨੁਸਾਰ ਹਮਲਾ ਕਰਨ ਵਾਲਿਆਂ ਨੇ ਆਪ ਦੇ ਵਰਕਰ ਸਤੀਸ਼ ਦੇ ਥੱਪੜ ਮਾਰਿਆ ਤੇ ਚੋਣ ਕੇਂਦਰ 'ਤੇ ਕਬਜ਼ੇ ਦਾ ਯਤਨ ਕੀਤਾ। ਇਸ 'ਤੇ ਮੌਕੇ 'ਤੇ ਪੁੱਜੇ ਡਾ": ਗਾਂਧੀ ਨੂੰ ਵੀ ਲਹੂ-ਲੁਹਾਨ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਗੱਡੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। 

No comments:

Post a Comment