Tuesday, April 29, 2014

ਲੋਕ ਸਭਾ ਹਲਕਾ ਸੰਗਰੂਰ ਤੋਂ 21 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਬੰਦ ਹੋਵੇਗਾ ਵੋਟਿੰਗ ਮਸ਼ੀਨਾਂ 'ਚ


ਸੰਗਰੂਰ, 29 ਅਪ੍ਰੈਲ - ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ 21 ਉਮੀਦਵਾਰਾਂ ਵਿਚੋਂ ਅਕਾਲੀ ਭਾਜਪਾ ਦੇ ਸ: ਸੁਖਦੇਵ ਸਿੰਘ ਢੀਂਡਸਾ, ਕਾਂਗਰਸ ਦੇ ਸ੍ਰੀ ਵਿਜੈਇੰਦਰ ਸਿੰਗਲਾ ਤੇ ਆਮ ਆਦਮੀ ਪਾਰਟੀ ਦੇ ਸ੍ਰੀ ਭਗਵੰਤ ਮਾਨ ਵੱਲ ਪੂਰੇ ਪੰਜਾਬ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ | 9 ਵਿਧਾਨ ਸਭਾ ਹਲਕਿਆਂ ਲਹਿਰਾਗਾਗਾ, ਦਿੜ੍ਹਬਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ, ਮਾਲੇਰਕੋਟਲਾ, ਧੂਰੀ ਅਤੇ ਸੰਗਰੂਰ ਉਤੇ ਆਧਾਰਿਤ ਇਸ ਲੋਕ ਸਭਾ ਹਲਕੇ ਵਿਚ 7 ਲੱਖ 53 ਹਜ਼ਾਰ 433 ਪੁਰਸ਼ ਵੋਟਰ ਅਤੇ 6 ਲੱਖ 65 ਹਜ਼ਾਰ 24 ਮਹਿਲਾ ਵੋਟਰਾਂ ਸਮੇਤ 14 ਲੱਖ 24 ਹਜ਼ਾਰ 743 ਵੋਟਰ ਹਨ | ਹਲਕੇ ਦੇ 1542 ਪੋਿਲੰਗ ਬੂਥਾਂ ਉਤੇ 6168 ਅਧਿਕਾਰੀਆਂ/ਕਰਮਚਾਰੀਆਂ ਨੂੰ ਚੋਣ ਡਿਊਟੀ ਉਤੇ ਨਿਯੁਕਤ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਪੋਿਲੰਗ ਬੂਥਾਂ ਉਤੇ ਨਜ਼ਰ ਰੱਖਣ ਲਈ ਮਾਇਕਰੋ ਅਬਜ਼ਰਬਰ ਨਿਯੁਕਤ ਕੀਤੇ ਗਏ ਹਨ | ਤਿੰਨਾਂ ਹੀ ਉਮੀਦਵਾਰਾਂ ਵੱਲੋਂ ਰੋਡ ਸ਼ੋਅ, ਚੋਣ ਰੈਲੀਆਂ ਤੇ ਕਾਫ਼ਲਿਆਂ ਦੀ ਸ਼ਕਲ ਵਿਚ ਘਰ-ਘਰ ਦੁਕਾਨ ਜਾ ਕੇ ਵੋਟਾਂ ਹਾਸਲ ਕਰਨ ਲਈ ਸਿਰਤੋੜ ਯਤਨ ਕੀਤੇ ਗਏ | ਭਗਵੰਤ ਮਾਨ ਦੀ ਵੋਟ ਗਿਣਤੀ ਵਧਾਉਣ ਲਈ ਪਾਰਟੀ ਆਗੂ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਰੋਡ ਸ਼ੋਅ ਅਤੇ ਰੈਲੀਆਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਰਹੀਆਂ | ਵਿਜੈਇੰਦਰ ਸਿੰਗਲਾ ਦੇ ਸਮਰਥਨ ਵਿਚ ਪਹੁੰਚੇ ਸ੍ਰੀਮਤੀ ਸੋਨੀਆ ਗਾਂਧੀ ਦੀ ਆਮਦ ਉਤੇ ਕਾਂਗਰਸ ਦੇ ਦੋ ਵਿਧਾਇਕਾਂ ਨੂੰ ਛੱਡ ਕੇ ਲੋਕ ਸਭਾ ਹਲਕਾ ਸੰਗਰੂਰ ਦੀ ਲੱਗਪਗ ਸਾਰੀ ਲੀਡਰਸ਼ਿਪ ਮੌਜੂਦ ਸੀ | ਸੁਖਦੇਵ ਸਿੰਘ ਢੀਂਡਸਾ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਚੋਣ ਦੌਰੇ ਸ: ਢੀਂਡਸਾ ਲਈ ਸ਼ਕਤੀਵਰਧਕ ਮੰਨੇ ਗਏ ਹਨ | ਹਲਕੇ ਤੋਂ ਬਸਪਾ ਦੇ ਮਦਨ ਭੱਟੀ, ਸੀ.ਪੀ.ਆਈ ਦੇ ਸੁਖਦੇਵ ਰਾਮ ਸ਼ਰਮਾ, ਸੀ.ਪੀ.ਐਮ ਦੇ ਜੋਗਿੰਦਰ ਸਿੰਘ ਔਲਖ, ਅਕਾਲੀ ਦਲ (ਅ) ਦੇ ਕਰਨੈਲ ਸਿੰਘ ਨਾਰੀਕੇ, ਭਾਰਤੀ ਸਮਾਜ ਪਾਰਟੀ ਦੇ ਗੁਰਦੀਪ ਸਿੰਘ, ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਗੁਰਪ੍ਰੀਤ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਜਸਵੰਤ ਸਿੰਘ, ਸੀ.ਪੀ.ਆਈ (ਐਮ.ਐਲ) ਰੈਡ ਸਟਾਰ ਦੇ ਜੀਤ ਸਿੰਘ, ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮਹਿਮੂਦ ਅਹਿਮਦ ਥਿੰਦ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਵਿਚ ਸੁਖਦੇਵ ਸਿੰਘ, ਭਗਵੰਤ ਸਿੰਘ, ਬਜੇਂਦਰ, ਹਰਿੰਦਰ ਸਿੰਘ, ਕਰਮ ਸਿੰਘ, ਜਯੋਤੀ ਦੇਵਾ ਜੀ ਅਨੁਸੂਈਆ, ਧਰਮ ਸਿੰਘ, ਪ੍ਰਵੀਨ ਕੌਰ ਅਤੇ ਮਨੋਜ ਕੁਮਾਰ ਸ਼ਾਮਲ ਹਨ | ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀਮਤੀ ਕਵਿਤਾ ਸਿੰਘ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਗੁਰਲਵਲੀਨ ਸਿੰਘ ਸਿੱਧੂ, ਐਸ.ਐਸ.ਪੀ ਸੰਗਰੂਰ ਸ: ਮਨਦੀਪ ਸਿੰਘ ਸਿੱਧੂ ਅਤੇ ਐਸ.ਐਸ.ਪੀ ਬਰਨਾਲਾ ਸ੍ਰੀ ਓਪੇਂਦਰ ਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਚੋਣਾਂ ਦਾ ਕੰਮ ਨਿਰਪੱਖਤਾ, ਸ਼ਾਂਤੀ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜਨ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ | ਪ੍ਰਸ਼ਾਸ਼ਨ ਨੇ 30 ਅਪ੍ਰੈਲ ਨੂੰ ਰਾਤ 10 ਵਜੇ ਤੱਕ ਅਤੇ 16 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੇ ਅਹਾਤੇ, ਹੋਟਲ, ਦੁਕਾਨਾਂ, ਰੈਸਟੋਰੈਂਟ, ਕਲੱਬ, ਮੈਰਿਜ਼ ਪੈਲੇਸ, ਬੀਅਰ ਬਾਰ ਅਤੇ ਹੋਰ ਅਜਿਹੀਆਂ ਥਾਵਾਂ ਜਿਥੇ ਸ਼ਰਾਬ ਵੇਚੀ ਜਾਂ ਵਰਤੀ ਜਾ ਸਕਦੀ ਹੈ ਉਤੇ ਪਾਬੰਦੀ ਲਗਾ ਰੱਖੀ ਹੈ | 

No comments:

Post a Comment